ਐੱਸ ਕੇ ਐੱਮ ਵੱਲੋਂ ਸਾਮਰਾਜ ਵਿਰੋਧੀ ਦਿਨ ਮਨਾਉਣ ਦਾ ਐਲਾਨ

ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਮਜ਼ਦੂਰ ਮੋਰਚਾ ਤੇ ਟਰੇਡ ਯੂਨੀਅਨਾਂ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਿਸਾਨ ਭਵਨ ਵਿਚ ਸਾਂਝੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਦੇ ਹਰਿੰਦਰ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ, ਟਰੇਡ ਯੂਨੀਅਨਾਂ ਵੱਲੋਂ ਬੰਤ ਬਰਾੜ ਅਤੇ ਸੰਯੁਕਤ ਮਜ਼ਦੂਰ ਮੋਰਚਾ ਵਲੋਂ ਲੱਛਮਣ ਸੇਵੇਵਾਲਾ ਅਤੇ ਦੇਵੀ ਕੁਮਾਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਏਟਕ, ਸੀਟੂ, ਦੋਧੀ ਡੇਅਰੀ ਯੂਨੀਅਨ, ਪੰਜਾਬ ਇਸਤਰੀ ਸਭਾ, ਬਿਜਲੀ ਵਿਭਾਗ ਤੋਂ ਜੁਆਇੰਟ ਫੋਰਮ, ਟੀ ਐੱਸ ਯੂ, ਪਹਿਲਵਾਨ ਗਰੁੱਪ, ਜਲ ਸਪਲਾਈ, ਫਰਦ ਕੇਂਦਰ, ਵੇਰਕਾ, ਆਈ ਟੀ ਆਈ, ਸਕਿਉਰਟੀ ਗਾਰਡ ਅਤੇ ਪਾਵਰਕੌਮ ਐਂਡ ਟਰਾਂਸਕੋ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸ਼ਾਮਲ ਹੋਈਆਂ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਦੇ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਨਿਖੇਧੀ ਕੀਤੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਪੂੰਜੀਪਤੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਇਸ ਦੇ ਵਿਰੋਧ ਵਿੱਚ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦਿਨ ਪੰਜਾਬ ਭਰ ਦੀਆਂ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਵੱਡੇ-ਵੱਡੇ ਇਕੱਠ ਕੀਤੇ ਜਾਣਗੇ। ਮੋਰਚਾ ਤੇ ਟਰੇਡ ਯੂਨੀਅਨਾਂ ਦੇ ਆਗੂਆਂ ਨੇ ਭਾਰਤ ਸਰਕਾਰ ’ਤੇ ਅਮਰੀਕਾ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ। ਟਰੰਪ ਵਲੋਂ ਤੇਲ ਖ਼ਰੀਦ ਸਣੇ ਥੋਪੇ ਜਾ ਰਹੇ ਟਰੇਡ ਸਮਝੌਤਿਆਂ ਮੂਹਰੇ ਭਾਰਤ ਸਰਕਾਰ ਨੇ ਆਤਮ ਸਮਰਪਣ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਬਿਜਲੀ ਤੇ ਬੀਜ ਬਿੱਲ ਅਤੇ ਚਾਰ ਲੇਬਰ ਕੋਡ ਲਾਗੂ ਕੀਤੇ ਗਏ ਹਨ। ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਵੀ ਦੇਸ਼ ਦੀ ਆਰਥਿਕਤਾ ਲਈ ਘਾਤਕ ਸਾਬਤ ਹੋਵੇਗਾ। ਇਸ ਨਾਲ ਸਿਰਫ਼ ਖੇਤੀਬਾੜੀ ਹੀ ਨਹੀਂ ਬਲਕਿ ਵੱਡੀ ਗਿਣਤੀ ਕਾਰੋਬਾਰ ਠੱਪ ਹੋ ਜਾਣਗੇ। ਮੋਰਚਾ ਦੇ ਆਗੂਆਂ ਨੇ ਇਰਾਨ ਉੱਤੇ ਅਮਰੀਕੀ- ਇਜ਼ਰਾਈਲ ਹਮਲੇ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ਿਆਈ ਦੇਸ਼ਾਂ ਦੀ ਜੰਗ ਕਰਕੇ ਭਾਰਤ ਵਿੱਚ ਹੁਣ ਗੈਸ ਸਲੰਡਰਾਂ ਦੀ ਸਮੱਸਿਆ ਬਣ ਗਈ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਭਾਰਤੀ ਪੱਛਮੀ ਏਸ਼ਿਆਈ ਦੇਸ਼ਾਂ ਵਿੱਚ ਫਸ ਗਏ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਸੁਰੱਖਿਅਤ ਵਾਪਸ ਲਿਆਉਣਾ ਚਾਹੀਦਾ ਹੈ। ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਖੇਤੀ ਖੇਤਰ ਲਈ 15,377 ਕਰੋੜ ਰੁਪਏ ਦੀ ਰੱਖੀ ਰਕਮ ਬਹੁਤ ਘੱਟ ਹੈ ਅਤੇ ਮਗਨਰੇਗਾ ਸਣੇ ਮਜ਼ਦੂਰ ਵਰਗ ਲਈ ਕੁਝ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਅਤੇ ਵਿਧਵਾਵਾਂ ਤੇ ਦਿਵਿਆਗਾਂ ਲਈ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ। ਇਸ ਮੌਕੇ ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ, ਦਰਸ਼ਨ ਨਾਹਰ, ਸੁਰਿੰਦਰਪਾਲ ਲਾਹੌਰੀਆ, ਪ੍ਰਦੀਪ ਕੁਮਾਰ, ਜੋਗਿੰਦਰ ਸਿੰਘ ਔਲਖ, ਬਲਵਿੰਦਰ ਸਿੰਘ, ਲਛਮਣ ਸਿੰਘ, ਲਖਨਪਾਲ ਸ਼ਰਮਾ, ਮਨਜੀਤ ਧਨੇਰ, ਬਲਦੇਵ ਸਿੰਘ ਨਿਹਾਲਗੜ੍ਹ, ਡਾ. ਸਤਨਾਮ ਅਜਨਾਲਾ, ਕੈਪਟਨ ਮੇਜਰ ਸਿੰਘ, ਬਲਿਹਾਰ ਸਿੰਘ, ਹਾਕਮ ਸਿੰਘ ਧਨੇਠਾ, ਜਸਵਿੰਦਰ ਸਿੰਘ, ਸੁਰੇਸ਼ ਕੁਮਾਰੀ, ਪ੍ਰੇਮ ਸਿੰਘ ਭੰਗੂ, ਵੀਰ ਸਿੰਘ ਬੜਵਾ, ਪਵਿੱਤਰ ਸਿੰਘ ਲਾਲੀ, ਰਾਉ ਗਜਿੰਦਰ ਸਿੰਘ, ਰੁਪਿੰਦਰ ਸਿੰਘ, ਰਣਧੀਰ ਸਿੰਘ, ਸੰਦੀਪ ਖੱਤਰੀ, ਝੰਡਾ ਸਿੰਘ ਜੇਠੂਕੇ, ਇੰਦਰਪਾਲ ਸਿੰਘ ਅਤੇ ਹਰਜਿੰਦਰ ਸਿੰਘ ਮੌਜੂਦ ਸਨ।

Scroll to Top