ਇਥੋਂ ਦੀ ਨਵੀਂ ਅਨਾਜ ਮੰਡੀ ਨੇੜੇ ਸੁੰਨਸਾਨ ਥਾਂ ’ਤੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਦੇ ਪਿਛਲੇ ਪਾਸੇ ਖੇਤਾਂ ਵਿੱਚ ਕਰੇਟ ਵਿੱਚੋਂ ਗੁਟਕਾ ਸਾਹਿਬ ਦੇ ਛੇ ਸਰੂਪ ਬੁਰੀ ਹਾਲਤ ਵਿੱਚ ਮਿਲੇ। ਇਸ ਤੋਂ ਇਲਾਵਾ ਇੱਕ ਗੁਟਕਾ ਸਾਹਿਬ ਦੇ ਕੁਝ ਅਧਸੜੇ ਅੰਗ ਮਿਲੇ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਅਤੇ ਡੀ ਐੱਸ ਪੀ ਸੰਜੀਵ ਕੁਮਾਰ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਗੁਟਕਾ ਸਾਹਿਬ ਨੂੰ ਮਰਿਆਦਾ ਅਨੁਸਾਰ ਇਥੋਂ ਲੈ ਕੇ ਗੁਰਦੁਆਰਾ ਚੁੱਲਾ ਸਾਹਿਬ ਵਿੱਚ ਰਖਵਾਇਆ। ਇਸ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੁਰਦੁਆਰਾ ਚੁੱਲ੍ਹਾ ਸਹਿਬ ਦੇ ਸੇਵਾਦਾਰ ਬਾਬਾ ਲਖਬੀਰ ਸਿੰਘ ਨੇ ਦੱਸਿਆ ਕਿ ਕਰੇਟ ਵਿੱਚ ਮਿੱਟੀ ਪਾ ਕੇ 6 ਦੇ ਕਰੀਬ ਗੁਟਕਾ ਸਾਹਿਬ ਰੱਖੇ ਹੋਏ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਘਰ ’ਚ ਵੀ ਗੁਰਬਾਣੀ ਦੇ ਨਿਤਨੇਮ ਵਾਲੇ ਗੁਟਕਾ ਸਾਹਿਬ ਹਨ ਅਤੇ ਉਹ ਪੜ੍ਹ ਨਹੀਂ ਰਹੇ ਤਾਂ ਉਨ੍ਹਾਂ ਨੂੰ ਨਜ਼ਦੀਕੀ ਗੁਰੂਘਰ ਵਿੱਚ ਪਹੁੰਚਾਇਆ ਜਾਵੇ।
