ਕਿਸਾਨ ਅੰਦੋਲਨ ਲਈ ਆਏ ਪੈਸੇ ਨਾਲ ਕਿਸਾਨਾਂ ਦਾ ਕਰਜ਼ਾ ਉਤਰ ਜਾਂਦਾ ਪਰ ਕੋਈ ਹਿਸਾਬ ਨਹੀਂ ਮਿਲਿਆ, ਡੱਲੇਵਾਲ ਦੀ ਜਥੇਬੰਦੀ ਨੇ ਲਗਾਏ ਗੰਭੀਰ ਦੋਸ਼

ਤਿੰਨ ਖੇਤੀ ਕਾਨੂੰਨਾਂ ਬਾਰੇ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ’ਚ ਦੇਸ਼-ਵਿਦੇਸ਼ ਤੋਂ ਆਈ ਡੋਨੇਸ਼ਨ ਬਾਰੇ ਕਿਸਾਨ ਜਥੇਬੰਦੀਆਂ ’ਚ ਉੱਠੇ ਮਤਭੇਦਾਂ ਤੋਂ ਬਾਅਦ ਹੁਣ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਲਈ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ’ਚ ਵੀ ਉਸੇ ਤਰ੍ਹਾਂ ਦੇ ਦੋਸ਼ ਦੁਹਰਾਏ ਜਾਣ ਲੱਗੇ ਹਨ। ਵੱਡੀ ਗੱਲ ਇਹ ਹੈ ਕਿ ਲੰਗਰ ਦੀ ਰਸਦ ਵੇਚਣ ਤੇ ਲੋਕਾਂ ਤੋਂ ਕੀਤੀ ਉਗਰਾਹੀ ਦੇ ਪੈਸਿਆਂ ਦਾ ਹਿਸਾਬ ਨਾ ਮਿਲਣ ਵਰਗੇ ਦੋਸ਼ ਬਾਹਰੋਂ ਨਹੀਂ ਲੱਗ ਰਹੇ ਬਲਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਹੀ ਆਪਸ ’ਚ ਲਗਾ ਰਹੇ ਹਨ ਜਿਨ੍ਹਾਂ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 125 ਤੋਂ ਵੱਧ ਦਿਨਾਂ ਤੱਕ ਭੁੱਖ ਹੜਤਾਲ ’ਤੇ ਬੈਠੇ ਰਹੇ। ਏਨਾ ਹੀ ਨਹੀਂ ਇਕ ਕਿਸਾਨ ਨੇਤਾ ਨੇ ਤਾਂ ਡੱਲੇਵਾਲ ਦੀ ਭੁੱਖ ਹੜਤਾਲ ਦੀ ਸੱਚਾਈ ’ਤੇ ਹੀ ਸਵਾਲ ਉਠਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਇੰਦਰਜੀਤ ਸਿੰਘ ਕੋਡਬੁੱਢਾ ਨੇ ਦੋਸ਼ ਲਗਾਏ ਹਨ ਕਿ ਅੰਦੋਲਨ ਚਲਾਉਣ ਲਈ ਜਿੰਨੇ ਵੀ ਪੈਸੇ ਦੀ ਉਗਰਾਹੀ ਹੋਈ ਹੈ, ਉਸ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ। ਜਿੰਨਾ ਪੈਸਾ ਇਕੱਠਾ ਹੋਇਆ, ਓਨਾ ਪੈਸਾ ਤਾਂ ਕਿਸਾਨਾਂ ਦਾ ਕਰਜ਼ ਉਤਾਰਨ ’ਚ ਖ਼ਰਚ ਕੀਤਾ ਜਾਂਦਾ ਤਾਂ ਕਰਜ਼ ਉਤਰ ਸਕਦਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲੰਗਰ ਚਲਾਉਣ ਲਈ ਜਿਹੜੀ ਰਸਤ ਕਿਸਾਨਾਂ ਨੂੰ ਮਿਲਦੀ ਰਹੀ ਹੈ, ਉਹ ਵੀ ਵੇਚੀ ਜਾਂਦੀ ਰਹੀ ਹੈ ਭਾਵੇਂ ਉਹ ਦੁੱਧ ਹੋਵੇ ਜਾਂ ਕਣਕ। ਇਨ੍ਹਾਂ ਦੋਸ਼ਾਂ ਬਾਰੇ ਕੋਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਐੱਸਕੇਐੱਮ ਦੇ ਹੀ ਇਕ ਹੋਰ ਨੇਤਾ ਜੰਗਵੀਰ ਸਿੰਘ ਚੌਹਾਨ ਨੇ ਡੱਲੇਵਾਲ ਦੇ 125 ਤੋਂ ਵੱਧ ਦਿਨਾਂ ਤੱਕ ਬਗ਼ੈਰ ਕੁਝ ਖਾਧੇ ਪੀਤੇ ਰਹਿਣ ਬਾਰੇ ਕਿਹਾ ਕਿ ਏਨੇ ਦਿਨਾਂ ਤੱਕ ਭੁੱਖੇ ਰਹਿਣ ਤੋਂ ਵਿਗਿਆਨ ਵੀ ਹੈਰਾਨ ਹੈ।

Scroll to Top