ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਨੇ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ਫ਼ਿਲਮ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਅਤੇ ਦੇਸ਼ ਵਿੱਚ ਨਫ਼ਰਤੀ ਹਿੰਸਾ ਫੈਲਾਉਣ ਲਈ ਤਿਆਰ ਕੀਤੀ ਗਈ ਹੈ।’’ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਫ਼ਿਲਮ ’ਤੇ ਤੁਰੰਤ ਪਾਬੰਦੀ ਲਾਈ ਜਾਵੇ ਕਿਉਂਕਿ ਇਸ ਫ਼ਿਲਮ ਵਿੱਚ ਸਿੱਖਾਂ ਨੂੰ ਵੱਖਵਾਦੀਆਂ ਅਤੇ ਅਤਿਵਾਦੀਆਂ ਵਜੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਫ਼ਿਲਮ ਦੇਸ਼ ਵਿੱਚ ਵੱਸਦੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕੇਗੀ ਅਤੇ ਸਿੱਖਾਂ ਖ਼ਿਲਾਫ਼ ਨਫਰਤ ਤੇ ਹਿੰਸਾ ਪੈਦਾ ਕਰਨ ਦਾ ਕਾਰਨ ਬਣੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹੋਰਨਾਂ ਕੌਮਾਂ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦਾ ਇਹ ਇੱਕ ਮਨੋਵਿਗਿਆਨਿਕ ਤਰੀਕਾ ਹੈ ਅਤੇ ਇਹ ਫ਼ਿਲਮ ਕਿਸੇ ਵੀ ਤਰੀਕੇ ਨਾਲ ਦੇਸ਼ ਦੀ ਸ਼ਾਂਤੀ ਲਈ ਸਹੀ ਨਹੀਂ ਹੈ। ਦੱਸਣਯੋਗ ਹੈ ਕਿ ਫ਼ਿਲਮ ਅਗਲੇ ਦਿਨਾਂ ਵਿੱਚ ਰਿਲੀਜ਼ ਹੋਵੇਗੀ ਅਤੇ ਇਹ ਇੰਦਰਾ ਗਾਂਧੀ ਸਰਕਾਰ ਵੱਲੋਂ ਦੇਸ਼ ਵਿੱਚ ਲਾਈ ਗਈ ਐਮਰਜੈਂਸੀ ਬਾਰੇ ਹੈ।