ਜਥੇਦਾਰ ਗੜਗੱਜ ਵੱਲੋਂ ਆਕਲੈਂਡ ’ਚ ਨੌਜਵਾਨਾਂ ਨੂੰ ਸਿੱਖੀ ਸਰੂਪ ਤੇ ਗੁਰਮੁਖੀ ਨਾਲ ਜੁੜਨ ਦਾ ਸੱਦਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਨਿਊਜ਼ੀਲੈਂਡ ਦੌਰੇ ਦੌਰਾਨ ਆਕਲੈਂਡ ਦੇ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਟਾਕਾਨੀਨੀ ਵਿੱਚ ‘ਨਿਊਜ਼ੀਲੈਂਡ ਸਿੱਖ ਨੌਜਵਾਨ ਸੰਸਥਾ’ ਨਾਲ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਦੌਰਾਨ ਉਨ੍ਹਾਂ ਸਿੱਖ ਨੌਜਵਾਨੀ ਨੂੰ ਆਪਸੀ ਇਤਫ਼ਾਕ, ਉੱਚ ਸਿੱਖਿਆ ਅਤੇ ਗੁਰਮਤਿ ਸਿਧਾਂਤਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਜਥੇਦਾਰ ਗੜਗੱਜ ਨੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਆਪਣੀ ਮੂਲ ਪਛਾਣ ‘ਸਾਬਤ ਸੂਰਤ’ ਸਿੱਖ ਸਰੂਪ ਨੂੰ ਬਰਕਰਾਰ ਰੱਖਣ ਅਤੇ ਆਪਣੀ ਮਾਂ-ਬੋਲੀ ਗੁਰਮੁਖੀ ਪੰਜਾਬੀ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਨੌਜਵਾਨਾਂ ਦਾ ਉੱਚ ਅਹੁਦਿਆਂ ’ਤੇ ਪਹੁੰਚਣਾ ਲਾਜ਼ਮੀ ਹੈ, ਤਾਂ ਜੋ ਉਹ ਕੌਮ ਦੀ ਬਿਹਤਰ ਸੇਵਾ ਕਰ ਸਕਣ। ਇਸ ਦੌਰਾਨ ਨੌਜਵਾਨਾਂ ਨੇ ਜਥੇਦਾਰ ਪਾਸੋਂ ਸਿੱਖ ਸੰਸਥਾਵਾਂ ਦੀ ਮੌਜੂਦਾ ਸਥਿਤੀ, ਸਿੱਖਾਂ ਵਿਰੁੱਧ ਚੱਲ ਰਹੇ ਬਿਰਤਾਂਤ (ਨੈਰੇਟਿਵ), ਸਿੱਖ ਰਹਿਤ ਮਰਿਆਦਾ ਅਤੇ ਧਰਮ ਪ੍ਰਚਾਰ ਸਬੰਧੀ ਕਈ ਅਹਿਮ ਸਵਾਲ ਪੁੱਛੇ। ਜਥੇਦਾਰ ਨੇ ਇਨ੍ਹਾਂ ਸ਼ੰਕਿਆਂ ਦਾ ਨਿਵਾਰਨ ਕਰਦਿਆਂ ਨੌਜਵਾਨਾਂ ਦੀ ਜਾਗਰੂਕਤਾ ’ਤੇ ਸੰਤੁਸ਼ਟੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਕੁੱਝ ਅਜਿਹੇ ਨੌਜਵਾਨਾਂ ਨੂੰ ਮੁੜ ਕੇਸਾਧਾਰੀ ਹੋਣ ਦਾ ਪ੍ਰਣ ਵੀ ਕਰਵਾਇਆ, ਜੋ ਸਿੱਖੀ ਸਰੂਪ ਤੋਂ ਦੂਰ ਹੋ ਗਏ ਸਨ। ਜ਼ਿਕਰਯੋਗ ਹੈ ਕਿ ਜਥੇਦਾਰ ਗੜਗੱਜ ਨੇ ਆਪਣੇ ਇਸ ਦੌਰੇ ਦੌਰਾਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ, ਮਾਓਰੀ ਭਾਈਚਾਰੇ ਦੇ ਆਗੂਆਂ ਅਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨਾਲ ਵੀ ਅਹਿਮ ਮੁਲਾਕਾਤਾਂ ਕੀਤੀਆਂ ਹਨ। ਅੱਜ ਦੀ ਇਕੱਤਰਤਾ ਵਿੱਚ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ, ਨਿਊਜ਼ੀਲੈਂਡ ਸਿੱਖ ਯੂਥ ਦੇ ਗੁਰਨਾਮ ਸਿੰਘ, ਪਾਹੁਲਪ੍ਰੀਤ ਕੌਰ, ਗੁਰਲੀਨ ਕੌਰ, ਸੁਪਿੰਦਰ ਕੌਰ, ਪ੍ਰੀਤੀ ਕੌਰ, ਅਗਮਜੋਤ ਕੌਰ, ਜਸਕਰਨ ਸਿੰਘ ਅਤੇ ਸਰਬਜੀਤ ਸਿੰਘ ਝਿੰਜਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Scroll to Top