ਅਕਾਲੀ ਦਲ (ਪੁਨਰ ਸੁਰਜੀਤ) ਤੇ ‘ਵਾਰਿਸ ਪੰਜਾਬ ਦੇ’ ’ਚ ਸਮਝੌਤਾ ਲਗਪਗ ਤੈਅ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸਮਝੌਤਾ ਲਗਪਗ ਤੈਅ ਹੈ, ਜਿਸ ਦਾ ਰਸਮੀ ਤੌਰ ’ਤੇ ਐਲਾਨ ਅਗਲੇ ਦਿਨਾਂ ਵਿਚ ਹੋਣ ਦੀ ਸੰਭਾਵਨਾ ਹੈ। ਇਹ ਖ਼ਬਰ ਉਸ ਵੇਲੇ ਬਾਹਰ ਆਈ ਹੈ ਜਦੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ’ਤੇ ਲੱਗੇ ਐੱਨ ਐਸ ਏ ਦੀ ਮਿਆਦ ਖ਼ਤਮ ਹੋ ਰਹੀ ਹੈ ਤੇ ਉਸ ਨੂੰ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਇਸ ਸਮਝੌਤੇ ਦੀ ਪੁਸ਼ਟੀ ਦੋਵਾਂ ਪੱਖਾਂ ਵਿਚ ਕੁਝ ਮਸਲੇ ਹੱਲ ਕਰਨ ਲਈ ਬਣਾਈ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਝੌਤਾ ਤਾਂ ਹੋ ਗਿਆ ਹੈ ਪਰ ਕੁਝ ਅੰਦਰੂਨੀ ਮਸਲੇ ਹਨ, ਜਿਨ੍ਹਾਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ, ਉਹ ਮਸਲੇ ਜਲਦੀ ਹੱਲ ਹੋ ਜਾਣਗੇ। ਇਆਲੀ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਇਨ੍ਹਾਂ ਦੋਵੇਂ ਦਲਾਂ ਦੇ ਸਮਝੌਤੇ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੱਲੂਪੁਰ ਨੇ ਕਿਹਾ ਕਿ ਸਮਝੌਤਾ ਹੋ ਗਿਆ ਹੈ ਪਰ ਦੋਵੇਂ ਦਲਾਂ ਵਿਚ ਕੁਝ ਨਿਯਮ ਵਿਧਾਨ ਤੇ ਕੁਝ ਸ਼ਰਤਾਂ ਤੈਅ ਕਰਨ ਤੇ ਕੁਝ ਅੰਦਰੂਨੀ ਮਸਲੇ ਹੱਲ ਕਰਨ ਲਈ ਕਮੇਟੀ ਬਣਾਈ ਗਈ ਹੈ। ਮਨਪ੍ਰੀਤ ਸਿੰਘ ਇਆਲੀ ਜਲਦ ਇਸ ’ਤੇ ਰਿਪੋਰਟ ਦੇਣਗੇ ਉਸ ਤੋਂ ਬਾਅਦ ਸਮਝੌਤੇ ਦਾ ਐਲਾਨ ਹੋ ਜਾਵੇਗਾ। ਇਸ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਪੋਸਟ ਸੋਸ਼ਲ ਮੀਡੀਆ ’ਤੇ ਪਾਈ ਹੈ, ਜਿਸ ਵਿਚ ਉਨ੍ਹਾਂ ਇਸ ਸਮਝੌਤੇ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ।

Scroll to Top