ਕਿਸਾਨ ਮਜ਼ਦੂਰ ਜਥੇਬੰਦੀ ਨੇ 15 ਅਗੱਸਤ ਨੂੰ ਪੰਜਾਬ ਭਰ ਵਿਚ ਟਰੈਕਟਰ ਮਾਰਚ ਕਰਨ ਲਈ ਬਣਾਈ ਰਣਨੀਤੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਅੱਜ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕੀਤੇ ਫ਼ੈਸਲਿਆਂ ਬਾਰੇ ਜਥੇਬੰਦੀ ਦੇ ਸਕੱਤਰ ਕੰਵਰ ਦਲੀਪ ਸਿੰਘ ਨੇ ਦਸਿਆ ਕਿ 15 ਅਗੱਸਤ ਨੂੰ ਪੰਜਾਬ ਭਰ ਵਿਚ ਦੋਹਾਂ ਫੋਰਮਾਂ ਦੇ ਸੱਦੇ ’ਤੇ ਹਜ਼ਾਰਾਂ ਟਰੈਕਟਰ ਜ਼ਿਲ੍ਹਿਆਂ ਤੇ ਤਹਿਸੀਲਾਂ ਵਿਚ ਮਾਰਚ ਕਰਨਗੇ ਤੇ ਇਨ੍ਹਾਂ ਮਾਰਚਾਂ ਵਿਚ ਹਿੱਸਾ ਲੈ ਰਹੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਤਿੰਨ ਅਪਰਾਧਕ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਹਰਿਆਣੇ ਦੇ ਬਾਰਡਰਾਂ ਉਤੇ ਚਲ ਰਹੇ ਮੋਰਚਿਆਂ ਦੇ 31 ਅਗੱਸਤ ਨੂੰ 200 ਦਿਨ ਪੂਰੇ ਹੋਣ ’ਤੇ ਲੱਖਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਦੇ ਇਕੱਠ ਕੀਤੇ ਜਾਣਗੇ। ਮੀਟਿੰਗ ਵਿਚ ਮਤਾ ਪਾਸ ਕਰ ਕੇ 15 ਅਗੱਸਤ ਨੂੰ 1947 ਵਿਚ ਹੋਈ ਪੰਜਾਬ ਬੰਗਾਲ ਵੰਡ ਵੇਲੇ 8 ਤੋਂ 10 ਲੱਖ ਲੋਕਾਂ ਦੇ ਹੋਏ ਕਤਲੇਆਮ ਦੇ ਦੋਸ਼ੀ ਅੰਗਰੇਜ਼ ਹਾਕਮਾਂ ਤੇ ਉਨ੍ਹਾਂ ਦੇ ਸੇਵਾਦਾਰ ਭਾਰਤੀ ਹਾਕਮਾਂ ਦੀ ਫ਼ਿਰਕੂ ਤੇ ਵੰਡਪਾਊ ਨੀਤੀ ਨੂੰ ਦੋਸ਼ੀ ਠਹਿਰਾਇਆ ਗਿਆ ਤੇ 15 ਅਗੱਸਤ ਨੂੰ ਬੇਕਸੂਰ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ ਤੇ ਦੁੱਖ ਦਾ ਇਜ਼ਹਾਰ ਕੀਤਾ ਜਾਵੇਗਾ। ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਤੇ ਸੂਬਾ ਆਗੂ ਸ. ਸਤਨਾਮ ਸਿੰਘ ਪੰਨੂ ਨੇ 15 ਅਗੱਸਤ 1947 ਨੂੰ ਮਿਲੀ ਆਜ਼ਾਦੀ 1 ਫ਼ੀ ਸਦੀ ਮਲਕ ਭਾਗੋਆਂ ਦੀ ਆਜ਼ਾਦੀ ਦਸਦਿਆਂ ਕਿਹਾ ਕਿ ਅੱਜ 77 ਸਾਲਾਂ ਬਾਅਦ ਵੀ ਦੇਸ਼ ਵਿਚ ਅਤਿ ਦੀ ਗ਼ਰੀਬੀ ਭੁੱਖਮਰੀ ਤੇ ਬੇਰੁਜ਼ਗਾਰੀ ਹੈ। ਕੇਂਦਰ ਸਰਕਾਰ ਸਾਮਰਾਜੀ ਸੰਸਥਾਵਾਂ ਦੇ ਦਬਾਅ ਹੇਠ ਕਿਸਾਨਾਂ ਦੀਆਂ ਹੱਕੀ ਮੰਗਾਂ ਐਮ.ਐਸ.ਪੀ. ਦਾ ਗਰੰਟੀ ਕਾਨੂੰਨ 32 ਧਾਰਾ ਮੁਤਾਬਕ 50 ਫ਼ੀ ਸਦੀ ਮੁਨਾਫ਼ਾ ਜੋੜ ਕੇ ਦੇਣ ਨੂੰ ਤਿਆਰ ਨਹੀਂ, ਕਿਸਾਨਾਂ ਮਜ਼ਦੂਰਾਂ ਨੂੰ ਅਪਣੀਆਂ ਹੱਕੀ ਮੰਗਾਂ ਲਈ ਦਿੱਲੀ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਹਰਿਆਣਾ ਦੇ ਬਾਰਡਰਾਂ ਉਤੇ ਗ਼ੈਰ ਕਾਨੂੰਨੀ ਢੰਗ ਨਾਲ ਸੜਕਾਂ ਵਿਚ ਕੰਧਾਂ ਕੱਢ ਕੇ ਰੋਕਿਆ ਹੋਇਆ ਹੈ ਤੇ ਕਿਸਾਨਾਂ ਮਜ਼ਦੂਰਾਂ ਉਤੇ ਅੰਨਾ ਤਸ਼ੱਦਦ ਕਰ ਕੇ 22 ਸਾਲਾ ਸ਼ੁਭਕਰਨ ਸਮੇਤ 25 ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਦੀ ਆਹੂਤੀ ਲਈ ਗਈ ਹੈ ਤੇ 433 ਕਿਸਾਨ ਮਜ਼ਦੂਰ ਸਖ਼ਤ ਜ਼ਖ਼ਮੀ ਕੀਤੇ ਗਏ ਹਨ। ਕਿਸਾਨਾਂ ਮਜ਼ਦੂਰਾਂ ਉਤੇ ਤਸ਼ੱਦਦ ਕਰਨ ਵਾਲੇ ਹਰਿਆਣਾ ਦੇ 6 ਪੁਲਿਸ ਅਫ਼ਸਰਾਂ ਨੂੰ ਰਾਸ਼ਟਰਪਤੀ ਪਾਸੋਂ ਮੈਡਲ ਦਿਵਾਉਣ ਦੇ ਫ਼ੈਸਲੇ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਸ ਲਈ ਕਿਸਾਨ ਮਜ਼ਦੂਰ ਦੱਬੇ ਕੁਚਲੇ 140 ਕਰੋੜ ਲੋਕਾਂ ਲਈ ਕੋਈ ਆਜ਼ਾਦੀ ਨਹੀਂ ਹੈ। ਦੇਸ਼ ਭਰ ਦੇ ਲੋਕਾਂ ਨੂੰ ਚਲ ਰਹੇ ਦੇਸ਼ ਵਿਆਪੀ ਅੰਦੋਲਨ ਵਿਚ ਸ਼ਾਮਲ ਹੋਣ ਦਾ ਸੱਦਾ ਕਿਸਾਨ ਆਗੂਆਂ ਨੇ ਮੀਟਿੰਗ ਵਿਚ ਮਤਾ ਪਾਸ ਕਰ ਕੇ ਦਿਤਾ। ਇਸ ਮੌਕੇ ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਪਿੱਦੀ, ਪਰਮਜੀਤ ਸਿੰਘ ਭੋਲਾ, ਹਰਜਿੰਦਰ ਸਿੰਘ ਸਕਰੀ, ਸਤਨਾਮ ਸਿੰਘ ਮਾਨੋਚਾਹਲ, ਸਲਵਿੰਦਰ ਸਿੰਘ ਜਲੰਧਰ, ਰਣਜੀਤ ਸਿੰਘ ਕਲੇਰ ਬਾਲਾ, ਜਰਮਨਜੀਤ ਸਿੰਘ ਵਡਾਲਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਗੁਰਬਚਨ ਸਿੰਘ ਚੱਬਾ ਮੀਟਿੰਗ ਵਿਚ ਹਾਜ਼ਰ ਸਨ।

10 thoughts on “ਕਿਸਾਨ ਮਜ਼ਦੂਰ ਜਥੇਬੰਦੀ ਨੇ 15 ਅਗੱਸਤ ਨੂੰ ਪੰਜਾਬ ਭਰ ਵਿਚ ਟਰੈਕਟਰ ਮਾਰਚ ਕਰਨ ਲਈ ਬਣਾਈ ਰਣਨੀਤੀ”

Leave a Reply to Регистрация на binance Cancel Reply

Your email address will not be published. Required fields are marked *

Scroll to Top