PRTC ਕੰਟਰੈਕਟ ਕਾਮਿਆਂ ਦੇ ਹੱਕ ’ਚ ਨਿੱਤਰੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ

ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਟਰੈਕਟ ਕਾਮਿਆਂ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਵਿਭਾਗ ਦੇ ਕਥਿਤ ਨਿੱਜੀਕਰਨ ਦੇ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਗ੍ਰਿਫ਼ਤਾਰੀਆਂ ਵਿਰੁੱਧ ਅੱਜ ਸਥਾਨਕ ਮੁੱਖ ਬੱਸ ਅੱਡੇ ਦੇ ਗੇਟ ’ਤੇ ਦਿੱਤੇ ਧਰਨੇ ’ਚ ਕਾਮਿਆਂ ਦੀ ਹਮਾਇਤ ’ਚ ਸੰਘਰਸ਼ਸ਼ੀਲ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਨਿੱਤਰੀਆਂ। ਬੁਲਾਰਿਆਂ ’ਚ ਸ਼ਾਮਲ ਮਨਪ੍ਰੀਤ ਸਿੰਘ, ਮੱਖਣ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ ਆਦਿ ਨੇ ਕਿਹਾ ਕਿ ਜਾਇਜ਼ ਮੰਗਾਂ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਦੀ ਸੂਬਾ ਸਰਕਾਰ ਦੀ ਸ਼ਹਿ ’ਤੇ ਵੱਡੀ ਪੱਧਰ ’ਤੇ ਗ੍ਰਿਫ਼ਤਾਰੀਆਂ ਕਰਕੇ ਜ਼ਖ਼ਮਾਂ ’ਤੇ ਲੂਣ ਭੁੱਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਆਗੂ ਨਿਰਪਾਲ ਸਿੰਘ ਪੱਪੂ ਸਥਾਨਕ ਆਗੂ ਗੁਰਪ੍ਰੀਤ ਸਿੰਘ ਦੀਵਾਨਾ, ਸੁਖਪਾਲ ਸਿੰਘ, ਰਣਧੀਰ ਸਿੰਘ ਦੀਵਾਨਾ, ਗੁਰਪ੍ਰੀਤ ਸਿੰਘ ਸੇਖਾ ਆਦਿ ਆਗੂਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਵਜੂਦ ਧੱਕੇ ਦੇ ਅੱਜ ਬਿਨ੍ਹਾਂ ਕਿਸੇ ਡਰ ਭੈਅ ਦੇ ਇਨ੍ਹਾਂ ਕਾਮਿਆਂ ਵੱਲੋਂ ਬੱਸ ਸਟੈਂਡ ਬਰਨਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜ਼ਬਰ ਦਾ ਰਸਤਾ ਬੰਦ ਕਰਕੇ ਕੰਟਰੈਕਟ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਵਾਨ ਕਰੇ ਅਤੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

Scroll to Top