BKU ਉਗਰਾਹਾਂ ਵੱਲੋਂ SKM ਨਾਲ ਤਾਲਮੇਲ ਵਾਲੇ ਸੰਘਰਸ਼ੀ ਐਕਸ਼ਨ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ SKM ਦੇ ਸੱਦੇ ਤਹਿਤ ਕੇਂਦਰੀ ਖੇਤੀ ਮੰਡੀਕਰਨ ਖਰੜੇ ਦੇ ਵਿਰੁੱਧ ਅਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਘੋਲ ਦੀਆਂ ਬਕਾਇਆ ਮੰਗਾਂ ਨੂੰ ਲੈ ਕੇ 23 ਦਸੰਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਕੇਂਦਰਾਂ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਦੀ ਤਿਆਰੀ ਲਈ ਅੱਜ ਇੱਥੇ ਦਾਣਾ ਮੰਡੀ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਵਧਵੀਂ ਮੀਟਿੰਗ ਕੀਤੀ ਗਈ।   ਇਸ ਮੀਟਿੰਗ ਵਿੱਚ ਵੱਡੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਪਿੰਡ ਪੱਧਰ ਤੱਕ ਦੇ ਆਗੂ ਤੇ ਕਾਰਕੁਨ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਕੇਂਦਰ ਦਾ ਖੇਤੀ ਮੰਡੀਕਰਨ ਖਰੜਾ ਧੜੱਲੇ ਨਾਲ ਓਹੀ ਕਾਲੇ ਕਾਨੂੰਨ ਦੇਸ਼ ਭਰ ਦੇ ਕਿਸਾਨਾਂ ਉੱਤੇ ਮੜ੍ਹਨ ਦਾ ਸੰਦ ਹੈ, ਜਿਸ ਨੂੰ ਜੀਐੱਸਟੀ ਟੈਕਸਾਂ ਵਾਂਗ ਹੀ 15 ਦਿਨਾਂ ਵਿੱਚ ਰਾਜ ਸਰਕਾਰਾਂ ਦੀ ਰਸਮੀ ਪ੍ਰਵਾਨਗੀ ਹਿਤ ਜਾਰੀ ਕੀਤਾ ਗਿਆ ਹੈ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਖਰੜੇ ਨੂੰ ਕਾਨੂੰਨੀ ਰੂਪ ‘ਚ ਲਾਗੂ ਕਰਨ ਨਾਲ ਸੰਸਾਰ ਵਪਾਰ ਸੰਸਥਾ (WTO) ਦੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਨੀਤੀ ਮੜ੍ਹੀ ਜਾਵੇਗੀ ਤੇ ਫਸਲਾਂ ਕੌਡੀਆਂ ਦੇ ਭਾਅ ਲੁੱਟੀਆਂ ਜਾਣਗੀਆਂ। ਖਰੜੇ ‘ਚ ਦਰਜ ਠੇਕਾ ਖੇਤੀ ਨੀਤੀ ਜ਼ਰੀਏ ਆਮ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਾਰਪੋਰੇਟ-ਜਗੀਰਦਾਰ ਗੱਠਜੋੜ ਵੱਲੋਂ ਕਬਜ਼ੇ ਕੀਤੇ ਜਾਣਗੇ। ਇਹ ਖਰੜਾ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਪੈਰਾਂ ਹੇਠ ਰੋਲਣ ਦਾ ਐਲਾਨ ਹੈ। ਇਸੇ ਕਰਕੇ ਇਸ ਖਰੜੇ ਨੂੰ ਰੱਦ ਕਰਨ ਦੀ ਮੰਗ ਉੱਤੇ ਐੱਸਕੇਐੱਮ ਵੱਲੋਂ ਫ਼ੈਸਲਾਕੁਨ ਸੰਘਰਸ਼ ਦੇ ਪਹਿਲੇ ਪੜਾਅ ‘ਤੇ ਦੇਸ਼ ਭਰ ਅੰਦਰ ਜ਼ਿਲ੍ਹਾ ਪੱਧਰੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੂਰੇ ਇਕੱਠ ਵੱਲੋਂ ਮਤਾ ਪਾਸ ਕਰਵਾ ਕੇ ਐਲਾਨ ਕੀਤਾ ਕਿ ਐੱਮਐੱਸਪੀ ਸਮੇਤ ਦਿੱਲੀ ਘੋਲ ਦੀਆਂ ਰਹਿੰਦੀਆਂ ਮੰਗਾਂ ਲਈ ਸ਼ੰਭੂ ਤੇ ਖਨੌਰੀ ਵਿਖੇ ਦਿੱਲੀ ਜਾਣ ਤੋਂ ਡੱਕੇ ਕਿਸਾਨਾਂ ਅਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੇਂਦਰ ਦੇ ਜਾਬਰ ਵਤੀਰੇ ਵਿਰੁੱਧ 18 ਦਸੰਬਰ ਨੂੰ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਰੇਲ ਜਾਮ ਨਾਲ ਤਾਲਮੇਲਵੇਂ ਰੂਪ ਵਿੱਚ ਬਲਾਕ ਪੱਧਰੇ ਮੋਟਰਸਾਈਕਲ ਝੰਡਾ ਮਾਰਚ ਕੀਤੇ ਜਾਣਗੇ। ਆਗੂਆਂ ਕਿਹਾ ਕਿ ਮੰਗ ਕੀਤੀ ਜਾਵੇਗੀ ਕਿ ਸੰਘਰਸ਼ਸ਼ੀਲ ਕਿਸਾਨਾਂ ਦੇ ਆਗੂਆਂ ਨਾਲ ਤੁਰੰਤ ਗੱਲਬਾਤ ਰਾਹੀਂ ਮੰਗਾਂ ਦਾ ਨਿਬੇੜਾ ਕਰ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾਵੇ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਮੰਡੀਕਰਨ ਖਰੜੇ ਬਾਰੇ ਮੁਜਰਮਾਨਾ ਚੁੱਪ ਧਾਰੀ ਬੈਠੀ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ  ਆਦਮੀ ਪਾਰਟੀ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਉਹ ਵੀ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

Scroll to Top