ਸਤਿਕਾਰ ਐਕਟ ’ਤੇ ਆਪਣਾ ਰੱਖਣ ਲਈ ਸਿੱਖ ਵਿਧਾਇਕ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਣਗੇ ਪੇਸ਼

ਪੰਜਾਬ ਵਿਧਾਨ ਸਭਾ ਦੇ ਸਿੱਖ ਮੰਤਰੀ ਅਤੇ ਵਿਧਾਇਕ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਬਾਰੇ ਆਪਣਾ ਸਪੱਸ਼ਟੀਕਰਨ ਦੇਣਗੇ। ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਇਸ ਕਾਨੂੰਨ ਬਾਰੇ ਦੋਸ਼ ਹਨ ਕਿ ਇਹ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਪ੍ਰਵਾਨਗੀ ਜਾਂ ਸਹਿਮਤੀ ਲਏ ਬਿਨਾਂ ਹੀ ਪਾਸ ਕਰ ਦਿੱਤਾ ਗਿਆ ਸੀ।

11 ਵਜੇ ਸ਼ੁਰੂ ਹੋਵੇਗੀ ਅਹਿਮ ਕਾਰਵਾਈ

ਇਹ ਅਹਿਮ ਕਾਰਵਾਈ ਅੱਜ ਸਵੇਰੇ 11 ਵਜੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਦੇ ਸਿੱਖ ਮੰਤਰੀ ਅਤੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗਜ ਸਾਹਮਣੇ ਪੇਸ਼ ਹੋ ਕੇ ਆਪਣੀ ਸਥਿਤੀ ਸਪੱਸ਼ਟ ਕਰਨਗੇ। ਮੌਜੂਦਾ ਸਕੱਤਰੇਤ ਵਿੱਚ ਜਗ੍ਹਾ ਦੀ ਘਾਟ ਕਾਰਨ, ਇਹ ਸਾਰੀ ਪ੍ਰਕਿਰਿਆ ਮੌਜੂਦਾ ਇਮਾਰਤ ਦੇ ਬਿਲਕੁਲ ਸਾਹਮਣੇ ਬਣ ਰਹੀ ਨਵੇਂ ਸਕੱਤਰੇਤ ਦੀ ਅਧੂਰੀ ਇਮਾਰਤ ਦੇ ਹਾਲ ਵਿੱਚ ਇੱਕ ਵਿਸ਼ੇਸ਼ ਪੰਡਾਲ ਸਜਾ ਕੇ ਕਰਵਾਈ ਜਾ ਰਹੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਿੰਘ ਸਾਹਿਬ ਵੱਲੋਂ ਹਰੇਕ ਸਿੱਖ ਵਿਧਾਇਕ ਨੂੰ ਸੰਖੇਪ ਵਿੱਚ ਇਹ ਸਵਾਲ ਪੁੱਛਿਆ ਜਾਵੇਗਾ ਕਿ ਕੀ ਉਨ੍ਹਾਂ ਨੇ ਨਿੱਜੀ ਤੌਰ ‘ਤੇ ਇਸ ਸਤਿਕਾਰ ਐਕਟ ਦਾ ਸਮਰਥਨ ਕੀਤਾ ਸੀ? ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਤਾਏ ਗਏ ਇਤਰਾਜ਼ਾਂ ਤੋਂ ਬਾਅਦ ਹੁਣ ਉਹ ਇਸ ਕਾਨੂੰਨ ਦੇ ਪੱਖ ਵਿੱਚ ਹਨ ਜਾਂ ਵਿਰੋਧ ਵਿੱਚ? ਸਾਰੇ ਵਿਧਾਇਕਾਂ ਵੱਲੋਂ ਇਸ ਸਬੰਧੀ ਬਹੁਤ ਹੀ ਸੰਖੇਪ ਅਤੇ ਸਪੱਸ਼ਟ ਜਵਾਬ ਦਿੱਤੇ ਜਾਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਹੱਲ ਅਤੇ ਕਾਨੂੰਨ ਵਿੱਚ ਲੋੜੀਂਦੀਆਂ ਸੋਧਾਂ ਬਾਰੇ ਚਰਚਾ ਕਰਨ ਲਈ ਵਿਧਾਨ ਸਭਾ ਸਪੀਕਰ ਅਤੇ ਮੰਤਰੀਆਂ ਨਾਲ ਇੱਕ ਵੱਖਰੀ ਬੈਠਕ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਸੱਤਾਧਾਰੀ ਆਮ ਆਦਮੀ ਪਾਰਟੀ (AAP), ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ-ਦੋ ਪ੍ਰਮੁੱਖ ਆਗੂਆਂ ਨੂੰ ਆਪਣੀ-ਆਪਣੀ ਪਾਰਟੀ ਦਾ ਅਧਿਕਾਰਤ ਪੱਖ ਰੱਖਣ ਲਈ ਵੀ ਕਿਹਾ ਜਾ ਸਕਦਾ ਹੈ।

ਸਿੱਖ ਵਿਧਾਇਕਾਂ ਨੂੰ ਨਿੱਜੀ ਤੌਰ ’ਤੇ ਹਾਜਰ ਹੋਣ ਦੇ ਸਨ ਹੁਕਮ

ਪੰਜਾਬ ਵਿਧਾਨ ਸਭਾ ਵਿੱਚ ਇਸ ਸਮੇਂ 89 ਸਿੱਖ ਅਤੇ 28 ਗੈਰ-ਸਿੱਖ ਵਿਧਾਇਕ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿੱਥੇ ਸਿੱਖ ਵਿਧਾਇਕਾਂ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ, ਉੱਥੇ ਹੀ ਗੈਰ-ਸਿੱਖ ਵਿਧਾਇਕਾਂ ਨੂੰ ਆਪਣਾ ਪੱਖ ਲਿਖਤੀ ਰੂਪ ਵਿੱਚ ਭੇਜਣ ਲਈ ਕਿਹਾ ਗਿਆ ਹੈ। ਮੌਜੂਦਾ ਸਿੱਖ ਵਿਧਾਇਕਾਂ ਵਿੱਚੋਂ ਲਗਭਗ 50 (ਮਹਿਲਾ ਵਿਧਾਇਕਾਂ ਸਮੇਤ) ਕੇਸਧਾਰੀ ਹਨ, ਜਦਕਿ 38 ਵਿਧਾਇਕ ‘ਪਤਿਤ’ ਸਿੱਖਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਰਵਾਇਤਾਂ ਅਨੁਸਾਰ ਪਤਿਤ ਸਿੱਖਾਂ ਨੂੰ ਤਖ਼ਤ ਸਾਹਿਬ ਦੇ ਮੁੱਖ ਫ਼ਸਲ (ਸੰਮੁਖ) ਪੇਸ਼ ਨਹੀਂ ਕੀਤਾ ਜਾਂਦਾ, ਜਿਸ ਕਾਰਨ ਮਰਯਾਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਧਾਇਕਾਂ ਨੂੰ ਨਵੇਂ ਸਕੱਤਰੇਤ ਭਵਨ ਦੇ ਹਾਲ ਵਿੱਚ ਇਕੱਠੇ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।

Scroll to Top