ਕਾਂਗਰਸ ਨੇ ਅੱਜ ਇੱਥੇ ਟਾਊਨ ਹਾਲ ਨੇੜੇ ਮੁੱਖ ਮੰਤਰੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਭਗਵੰਤ ਮਾਨ ਦੀ ਅਕਾਲ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦੇਣ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਸਖ਼ਤ ਨਿੰਦਾ ਕੀਤੀ। ਇਹ ਰੋਸ ਧਰਨਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਦਿੱਤਾ ਗਿਆ ਜਿਸ ਵਿੱਚ ਕਾਂਗਰਸ ਦੇ ਕਈ ਆਗੂ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸਿੱਖ ਪੰਥ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਨੇ ਭਗਵੰਤ ਮਾਨ ਨੂੰ ‘ਗੁਰੂ ਦੋਖੀ’ ਅਤੇ ‘ਪੰਥ ਦੋਖੀ’ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਹਰ ਨਾਨਕ ਨਾਮ ਲੇਵਾ ਦਾ ਫ਼ਰਜ਼ ਹੈ ਕਿ ਉਹ ਅਕਾਲ ਤਖ਼ਤ ਦੇ ਹੁਕਮਾਂ ਦਾ ਸਤਿਕਾਰ ਕਰੇ ਅਤੇ ਉਨ੍ਹਾਂ ਦੀ ਪਾਲਣਾ ਕਰੇ। ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਅਕਾਲ ਤਖ਼ਤ ਆਪਣਾ ਫ਼ੈਸਲਾ ਸੁਣਾ ਚੁੱਕਾ ਹੈ ਤਾਂ ਹਰ ਸਿੱਖ ਦਾ ਨੈਤਿਕ ਅਤੇ ਧਾਰਮਿਕ ਫ਼ਰਜ਼ ਬਣਦਾ ਹੈ ਕਿ ਉਹ ਉਸ ਦਾ ਸਤਿਕਾਰ ਕਰੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਗਵੰਤ ਮਾਨ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਸਵੀਕਾਰ ਕਰ ਕੇ ਆਪਣੇ ਕੀਤੇ ਲਈ ਸੱਚੇ ਦਿਲੋਂ ਪਸ਼ਚਾਤਾਪ ਨਹੀਂ ਕਰਦਾ, ਉਦੋਂ ਤੱਕ ਉਨ੍ਹਾਂ ਦਾ ਸਮਾਜਿਕ ਅਤੇ ਰਾਜਨੀਤਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਤੱਥਾਂ ਤੋਂ ਜਾਣੂ ਹੋਣ ਦੇ ਬਾਵਜੂਦ ਪੰਜਾਬ ਦੀਆਂ ਸਤਿਕਾਰਯੋਗ ਸੰਸਥਾਵਾਂ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਢਾਹ ਲਾਉਣ ਲਈ ਉਹ ਬਰਾਬਰ ਦੇ ਜ਼ਿੰਮੇਵਾਰ ਹਨ। ਚੱਲ ਰਹੇ ਵਿਵਾਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਨੇ ਭਗਵੰਤ ਮਾਨ ਨੂੰ ਵਿਵਾਦਤ ਵੀਡੀਓ ਦੀ ਸੱਚਾਈ ਦੀ ਜਾਂਚ ਲਈ ਦੋ ਸੁਤੰਤਰ ਫੋਰੈਂਸਿਕ ਪ੍ਰਯੋਗਸ਼ਾਲਾਵਾਂ ਵਿੱਚ ਭੇਜਣ ਦੇ ਨਿਰਦੇਸ਼ ਦਿੱਤੇ ਸਨ। ਪਰ ਉਨ੍ਹਾਂ ਨੇ ਨਾ ਤਾਂ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕੀਤੀ ਅਤੇ ਨਾ ਹੀ ਅਕਾਲ ਤਖ਼ਤ ਦੇ ਹੁਕਮ ਦਾ ਕੋਈ ਜਵਾਬ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੀ ਬਜਾਏ ਪੰਜਾਬ ਸਰਕਾਰ ਨੇ ਸੱਚਾਈ ਨੂੰ ਛੁਪਾਉਣ ਲਈ ਲੁਧਿਆਣਾ ਪੁਲੀਸ ਦੀ ਦੁਰਵਰਤੋਂ ਕਰਦਿਆਂ ਮਨਘੜਤ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਈਆਂ। ਉਨ੍ਹਾਂ ਦਾ ਸਹਿਯੋਗ ਤੋਂ ਇਨਕਾਰ ਕਰਨਾ ਅਤੇ ਸ਼ੱਕੀ ਫੋਰੈਂਸਿਕ ਰਿਪੋਰਟਾਂ ਹਾਸਲ ਕਰਨ ਦੀ ਕੋਸ਼ਿਸ਼ ਇਸ ਸ਼ੱਕ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਸਰਕਾਰ ਸੱਚਾਈ ਨੂੰ ਲੁਕਾ ਰਹੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਓ ਪੀ ਸੋਨੀ, ਸੁਖਵਿੰਦਰ ਸਿੰਘ ਸਰਕਾਰੀਆ, ਜਸਬੀਰ ਸਿੰਘ ਡਿੰਪਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਭਗਵੰਤ ਪਾਲ ਸਿੰਘ ਸੱਚਰ, ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਹੋਰ ਕਈ ਆਗੂ ਹਾਜ਼ਰ ਸਨ।
