ਗੁਰਦੁਆਰੇ ਵਿੱਚ ਨਿਹੰਗਾਂ ਦੇ ਹੰਗਾਮੇ ਦਰਮਿਆਨ ਪ੍ਰਸ਼ਾਸਨ ਨੇ ਸਥਿਤੀ ਕਾਬੂ ਹੇਠ ਹੋਣ ਦਾ ਕੀਤਾ ਦਾਅਵਾ

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਸਥਿਤ ਇੱਕ ਗੁਰਦੁਆਰੇ ਵਿੱਚ ਨਿਹੰਗ ਸਿੱਖ ਸ਼ਰਧਾਲੂਆਂ ਵੱਲੋਂ ਕੀਤੇ ਗਏ ਹੰਗਾਮੇ ਦੀਆਂ ਖ਼ਬਰਾਂ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਕਿਹਾ ਕਿ ਉੱਥੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀ ਐੱਮ) ਵਿਸ਼ਾਲ ਮਿਸ਼ਰਾ ਨੇ ਇੱਕ ਬਿਆਨ ਵਿੱਚ ਕਿਹਾ, “ਗੁਰਦੁਆਰੇ ਦੇ ਅੰਦਰ ਆਪਸੀ ਵਿਵਾਦ ਹੋਇਆ ਸੀ। ਉੱਥੇ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲੀਸ ਅਤੇ ਪ੍ਰਸ਼ਾਸਨ ਮੁਸਤੈਦੀ ਨਾਲ ਤਾਇਨਾਤ ਹਨ। ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਹੈ, ਸਭ ਕੁਝ ਸ਼ਾਂਤੀਪੂਰਵਕ ਚੱਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਸ਼ਾਂਤੀਪੂਰਵਕ ਚੱਲ ਰਹੀ ਹੈ ਅਤੇ ਗੁਰਦੁਆਰੇ ਦੇ ਅੰਦਰ ਵੀ ਹਰ ਪ੍ਰਕਾਰ ਦੀ ਆਵਾਜਾਈ ਸ਼ਾਂਤੀਪੂਰਵਕ ਹੈ। ਮਿਸ਼ਰਾ ਨੇ ਲੋਕਾਂ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ। ਹਾਲਾਂਕਿ, ਬਿਆਨ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਇੱਕ ਸਿੱਖ ਸ਼ਰਧਾਲੂ ਨੂੰ ਬੰਧਕ ਬਣਾ ਕੇ ਗੁਰਦੁਆਰੇ ਦੀ ਤੀਜੀ ਮੰਜ਼ਿਲ ‘ਤੇ ਕਬਜ਼ਾ ਕਰਨ ਵਾਲੇ ਕਰੀਬ ਅੱਧਾ ਦਰਜਨ ਨਿਹੰਗਾਂ ਨਾਲ ਕਿਸੇ ਸਮਝੌਤੇ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਇਸ ਦਰਮਿਆਨ, ਮੌਕੇ ‘ਤੇ ਮੌਜੂਦ ਪੁਲੀਸ ਸੂਤਰਾਂ ਨੇ ਦੱਸਿਆ ਕਿ ਗੱਲਬਾਤ ਵਿੱਚ ਨਿਹੰਗ ਬੰਧਕ ਬਣਾਏ ਗਏ ਸਿੱਖ ਸ਼ਰਧਾਲੂ ਨੂੰ ਛੱਡਣ ਲਈ ਸਹਿਮਤ ਹੋ ਗਏ ਹਨ। ਨਿਹੰਗ ਸ਼ਰਧਾਲੂ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਬਾਜ਼ਾਰ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਨਿਹੰਗਾਂ ਨੂੰ ਛੱਡੇ ਜਾਣ ਦੀ ਮੰਗ ਨੂੰ ਲੈ ਕੇ ਗੁਰਦੁਆਰੇ ਦੀ ਤੀਜੀ ਮੰਜ਼ਿਲ ‘ਤੇ ਚੜ੍ਹੇ ਹੋਏ ਹਨ ਅਤੇ ਉਨ੍ਹਾਂ ਨੇ ਇੱਕ ਬਜ਼ੁਰਗ ਸਿੱਖ ਸ਼ਰਧਾਲੂ ਨੂੰ ਬੰਧਕ ਵੀ ਬਣਾ ਲਿਆ ਸੀ। ਪੁਲੀਸ ਮੁਤਾਬਕ ਨਿਹੰਗਾਂ ਕੋਲ ਨੇਜ਼ਾ (ਭਾਲਾ), ਤਲਵਾਰ, ਕੁਹਾੜੀ ਅਤੇ ਕਿਰਪਾਨ ਵਰਗੇ ਹਥਿਆਰ ਹਨ। ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਨਿਹੰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹੇਠਾਂ ਆਉਣ ਲਈ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮੌਕੇ ‘ਤੇ ਭਾਰੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਹੈ ਅਤੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਸਥਿਤੀ ਨੂੰ ਕੰਟਰੋਲ ਕਰਨ ਲਈ ਗੜ੍ਹਵਾਲ ਕਮਿਸ਼ਨਰ ਵੀ ਰੁਦਰਪ੍ਰਯਾਗ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਨਿਹੰਗ ਸਿੱਖਾਂ ਦਾ ਕਰਨਪ੍ਰਯਾਗ ਬਾਜ਼ਾਰ ਵਿੱਚ ਪਾਰਕਿੰਗ  ਨੂੰ ਲੈ ਕੇ ਸਥਾਨਕ ਲੋਕਾਂ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਥਿਤ ਤੌਰ ‘ਤੇ ਤਲਵਾਰ ਨਾਲ ਹਮਲਾ ਕਰਕੇ ਚਾਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਘਟਨਾ ਦੇ ਸਬੰਧ ਵਿੱਚ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਚਾਰ ਸਿੱਖ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਬਦਰੀਨਾਥ ਹਾਈਵੇਅ ‘ਤੇ ਰੁਦਰਪ੍ਰਯਾਗ ਅਤੇ ਗੌਚਰ ਦੇ ਵਿਚਕਾਰ ਨਗਰਾਸੂ ਵਿੱਚ ਕੁਝ ਸਾਲ ਪਹਿਲਾਂ ਇਹ ਗੁਰਦੁਆਰਾ ਬਣਾਇਆ ਗਿਆ ਸੀ, ਜਿਸਦੀ ਵਰਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਆਉਣ-ਜਾਣ ਵਾਲੇ ਸਿੱਖ ਸ਼ਰਧਾਲੂ ਕਰਦੇ ਹਨ। ਜਾਣਕਾਰੀ ਅਨੁਸਾਰ ਗੁਰਦੁਆਰਾ ਬਣਾਉਣ ਵਾਲੇ ਸਰਦਾਰ ਸੁਖਦੇਵ ਸਿੰਘ ਅਤੇ ਸਰਦਾਰ ਬੇਅੰਤ ਸਿੰਘ ਹੀ ਇਸ ਦੀ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲਦੇ ਹਨ।

Scroll to Top