ਥਾਣਾ ਕੋਟ ਈਸੇ ਖਾਂ ਦੇ ਅਧੀਨ ਆਉਂਦੇ ਪਿੰਡ ਖੋਸਾ ਰਣਧੀਰ ਵਿੱਚ ਅੱਜ ਸਵੇਰ ਵੇਲੇ ਨਹਿਰ ਕਿਨਾਰੇ ਤੋਂ ਅੱਧ-ਸੜੀ ਹਾਲਤ ਵਿੱਚ ਧਾਰਮਿਕ ਗ੍ਰੰਥ ਅਤੇ ਗੁਰਬਾਣੀ ਪੋਥੀਆਂ ਮਿਲਣ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਬੇਅਦਬੀ ਦੀ ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਅਤੇ ਪੰਥਕ ਜਥੇਬੰਦੀਆਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁਕੱਦਮਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤੋਂ ਕੁਝ ਦੂਰੀ ‘ਤੇ ਸਥਿਤ ਖੋਸਾ ਰਣਧੀਰ ਵਾਲੀ ਨਹਿਰ ਦੇ ਕਿਨਾਰੇ ‘ਤੇ ਅੱਜ ਤੜਕਸਾਰ ਕੁਝ ਲੋਕਾਂ ਨੇ ਇਨ੍ਹਾਂ ਧਾਰਮਿਕ ਪੋਥੀਆਂ ਨੂੰ ਸੜੀ ਹੋਈ ਹਾਲਤ ਵਿੱਚ ਦੇਖਿਆ। ਉਨ੍ਹਾਂ ਨੇ ਸਤਿਕਾਰ ਕਮੇਟੀ ਦੇ ਆਗੂ ਫ਼ੌਜੀ ਕੁਲਵੰਤ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ। ਜਦੋਂ ਸਤਿਕਾਰ ਕਮੇਟੀ ਦੇ ਆਗੂ ਮੌਕੇ ‘ਤੇ ਪੁੱਜੇ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਸੈਂਚੀਆਂ, ਦਸ ਗੁਟਕਾ ਸਾਹਿਬ, ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਗ੍ਰੰਥ ਅੱਧ-ਸੜੀ ਹਾਲਤ ਵਿੱਚ ਪਏ ਸਨ। ਉਨ੍ਹਾਂ ਨੇ ਪਿੰਡ ਦੇ ਸਰਪੰਚ ਸਮੇਤ ਪੰਥਕ ਆਗੂਆਂ ਨੂੰ ਇਸ ਦੀ ਜਾਣਕਾਰੀ ਦੇਣ ਤੋਂ ਇਲਾਵਾ ਪੁਲੀਸ ਨੂੰ ਸੂਚਿਤ ਕੀਤਾ। ਸਤਿਕਾਰ ਕਮੇਟੀ ਦੇ ਆਗੂ ਅੱਧ-ਜਲੇ ਧਾਰਮਿਕ ਗ੍ਰੰਥਾਂ ਅਤੇ ਪੋਥੀਆਂ ਨੂੰ ਸਤਿਕਾਰ ਸਹਿਤ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਲੈ ਕੇ ਆਏ, ਜਿੱਥੇ ਇਸ ਬੇਅਦਬੀ ਸਬੰਧੀ ਪਸ਼ਚਾਤਾਪ ਦੀ ਅਰਦਾਸ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਧਾਰਮਿਕ ਗ੍ਰੰਥ ਇੱਕ ਪਲਾਸਟਿਕ ਦੇ ਬੋਰੇ ਵਿੱਚ ਬੰਦ ਕਰਕੇ ਕਿਸੇ ਨੇ ਨਹਿਰ ਦੇ ਪਾਣੀ ਵਿੱਚ ਰੋੜ੍ਹੇ ਸਨ, ਜੋ ਪਿੰਡ ਕੋਲ ਨਹਿਰ ਦੇ ਮੋਘੇ ਵਿੱਚ ਫੱਸ ਗਏ। ਕਿਸੇ ਵਿਅਕਤੀ ਨੇ ਬੋਰੇ ਨੂੰ ਨਹਿਰ ਵਿੱਚੋਂ ਕੱਢ ਕੇ ਜਦੋਂ ਉਸ ਨੂੰ ਖੋਲ੍ਹਿਆ ਤਾਂ ਇਨ੍ਹਾਂ ਧਾਰਮਿਕ ਗ੍ਰੰਥਾਂ ਦਾ ਪਤਾ ਲੱਗਿਆ। ਉਸ ਵੱਲੋਂ ਹੀ ਇਨ੍ਹਾਂ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਦੀ ਹੋਰ ਜਾਣਕਾਰੀ ਲਈ ਡੀ ਐੱਸ ਪੀ ਸੁਖਵਿੰਦਰ ਸਿੰਘ ਬਰਾੜ ਅਤੇ ਥਾਣਾ ਮੁਖੀ ਸੁਨੀਤਾ ਬਾਵਾ ਨਾਲ ਕਈ ਵਾਰ ਸੰਪਰਕ ਕਰਨਾ ਚਾਹਿਆ, ਪਰ ਪੁਲੀਸ ਅਧਿਕਾਰੀਆਂ ਨੇ ਫ਼ੋਨ ਨਹੀਂ ਉਠਾਇਆ। ਪੁਲੀਸ ਸੂਤਰਾਂ ਮੁਤਾਬਕ ਥਾਣਾ ਕੋਟ ਈਸੇ ਖਾਂ ਵਿਖੇ ਨਵੇਂ ਬਣੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਵਿੱਚ ਜੁੱਟ ਗਈ ਹੈ।
