ਵਿਵਾਦਤ ਵੀਡੀਓ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਏ ਫ਼ੈਸਲੇ ਤੋਂ ਬਾਅਦ ਸਿੱਖ ਸੰਗਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਰੋਸ ਹੈ। ਇਸੇ ਤਹਿਤ ਅਕਾਲੀ ਦਲ (ਵਾਰਿਸ ਪੰਜਾਬ) ਵੱਲੋਂ ਅੱਜ ਸੂਬਾ ਪੱਧਰੀ ਮੁਜ਼ਾਹਰੇ ਕੀਤੇ ਗਏ। ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੇ ਪੁਤਲੇ ਫੂਕੇ। ਪਾਰਟੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪੇ ਅਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਸੁਖਦੇਵ ਸਿੰਘ ਕਾਦੀਆਂ, ਪਰਗਟ ਸਿੰਘ ਮੀਆਂਵਿੰਡ ਅਤੇ ਜਥੇਬੰਦੀ ਦੇ ਹੋਰ ਆਗੂਆਂ ਨੇ ਫੋਰੈਂਸਿਕ ਰਿਪੋਰਟਾਂ ਦੇ ਆਧਾਰ ’ਤੇ ਮੁੱਖ ਮੰਤਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ, ਭਗਤਾਂ, ਸ਼ਹੀਦਾਂ ਅਤੇ ਮਹਾਪੁਰਖਾਂ ਦਾ ਸਤਿਕਾਰ ਸਰਵਉੱਚ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜਿਸ ਗੰਭੀਰਤਾ ਨਾਲ ਮੌਜੂਦਾ ਮਾਮਲੇ ਵਿੱਚ ਕਾਰਵਾਈ ਹੋਈ ਹੈ, ਉਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਵੇਲੇ ਹੋਈਆਂ ਬੇਅਦਬੀਆਂ ਦੇ ਮੁਲਜ਼ਮਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੇਸ਼ੀ ਦੌਰਾਨ ਗ਼ਲਤੀਆਂ ਮੰਨੀਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਦੇ ਰਵੱਈਏ ਨੇ ਅਕਾਲ ਤਖ਼ਤ ਦੇ ਹੁਕਮਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਜਥੇਦਾਰ ਸਾਹਿਬਾਨ ਇਸ, ਰਵੱਈਏ ਦਾ ਨੋਟਿਸ ਲੈਣ। ਮੁਜ਼ਾਹਰਿਆਂ ਵਿੱਚ ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਜਸਕਰਨ ਸਿੰਘ ਰਿਆੜ, ਦਲਜੀਤ ਸਿੰਘ ਮਿਆਦੀਆਂ, ਨਾਥਵਿੰਦਰ ਸਿੰਘ ਅਲਕੜੇ, ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਭਾਈ ਸੁਖਬੀਰ ਸਿੰਘ ਚੀਮਾ, ਭਾਈ ਹਰਕਮਲਪ੍ਰੀਤ ਸਿੰਘ, ਭਾਈ ਚਰਨਜੀਤ ਸਿੰਘ ਗਾਲਿਬ, ਭਾਈ ਪਰਮਜੀਤ ਸਿੰਘ ਵਣੀਏਕੇ, ਭਾਈ ਗੁਲਜ਼ਾਰ ਸਿੰਘ ਖਾਸਾ, ਗੁਰਵਿੰਦਰ ਸਿੰਘ ਲਕਸ਼ਰੀਨੰਗਲ ਅਤੇ ਹੋਰ ਹਾਜ਼ਰ ਸਨ।
