ਇਥੋਂ ਦੀ ਅਦਾਲਤ ਨੇ ਫਰਵਰੀ 2023 ਵਿੱਚ ਅਜਨਾਲਾ ਪੁਲੀਸ ਸਟੇਸ਼ਨ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਅੱਜ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵਿਰੁੱਧ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਅੰਮ੍ਰਿਤਪਾਲ ਸਿੰਘ ਵਿਰੁੱਧ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ, ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼, ਗੰਭੀਰ ਸੱਟਾਂ ਲਗਾਉਣਾ, ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣਾ, ਅਪਰਾਧਿਕ ਸਾਜ਼ਿਸ਼, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਤੇ ਗੈਰ-ਕਾਨੂੰਨੀ ਭੀੜ ਦੀ ਅਗਵਾਈ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਸ਼ਾਮਲ ਹੈ। ਇਸ ਦੌਰਾਨ ਬਚਾਅ ਪੱਖ ਦੇ ਵਕੀਲ ਰਿਤੁਰਾਜ ਸਿੰਘ ਸੰਧੂ ਵੱਲੋਂ ਦਲੀਲ ਦਿੱਤੀ ਗਈ ਕਿ ਮੁਲਜ਼ਮਾਂ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਏ ਹਨ, ਤਾਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਅਸਲਾ ਐਕਟ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਰੱਦ ਕਰ ਦਿੱਤੇ। ਅਦਾਲਤ ਨੇ ਧਾਰਮਿਕ ਵਾਹਨ ਦੇ ਕਥਿਤ ਤੌਰ ’ਤੇ ਗਾਇਬ ਹੋਣ ਖਿਲਾਫ ਅਪੀਲ ਨੂੰ ਵੀ ਸਵੀਕਾਰ ਕਰ ਲਿਆ, ਜਿਸ ਵਿੱਚ ਸਬੂਤ ਦਰਸਾਉਂਦੇ ਹਨ ਕਿ ਪਾਲਕੀ ਸਾਹਿਬ ਮੌਕੇ ‘ਤੇ ਹੀ ਸੀ। ਇਹ ਮਾਮਲਾ ਫਰਵਰੀ 2023 ਦਾ ਹੈ , ਜਿਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਨੇ ਕਥਿਤ ਤੌਰ ‘ਤੇ ਅਜਨਾਲਾ ਪੁਲੀਸ ਸਟੇਸ਼ਨ ‘ਤੇ ਹਮਲਾ ਕੀਤਾ ਸੀ ਤਾਂ ਜੋ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਕਾਬੂ ਕੀਤੇ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਲਈ ਪੁਲੀਸ ’ਤੇ ਦਬਾਅ ਪਾਇਆ ਜਾ ਸਕੇ।
