ਅੰਮ੍ਰਿਤਪਾਲ ਦੇ ਵਕੀਲਾਂ ਵੱਲੋਂ ਵੀਡੀਓ ‘ਸਬੂਤ’ ਪੇਸ਼

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਿਲਾਫ਼ ਅਜਨਾਲਾ ਪੁਲੀਸ ਸਟੇਸ਼ਨ ’ਤੇ ਹਮਲੇ ਦੇ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼ ਅਤੇ ਹਥਿਆਰ ਐਕਟ ਦੇ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਪੇਸ਼ ਹੋਏ ਵਕੀਲ ਨੇ ਦੋ ਵੀਡੀਓ ਸਬੂਤ ਅਦਾਲਤ ਵਿੱਚ ਪੇਸ਼ ਕੀਤੇ। ਵਕੀਲਾਂ ਨੇ ਪੁਲੀਸ ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਦੱਸਿਆ ਕਿ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਇੱਕ ਵੀਡੀਓ ਵਿੱਚ ਪੁਲੀਸ ਦੇ ਐੱਸ ਪੀ ਜੁਗਰਾਜ ਸਿੰਘ ਆਪਣੇ ਸਿਰ ’ਤੇ ਪੱਟੀ ਬੰਨ੍ਹੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਨਾਲ ਥਾਣੇ ਵਿੱਚ ਮੌਜੂਦ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਅੰਮ੍ਰਿਤਪਾਲ ਨੂੰ ਉਸ ਸਮੇਂ ਦੇ ਐੱਸ ਐੱਸ ਪੀ ਸਤਿੰਦਰ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਬਚਾਅ ਪੱਖ ਨੇ ਕਿਹਾ ਕਿ ਜੇਕਰ ਪੁਲੀਸ ਅਧਿਕਾਰੀ ਨੂੰ ਲੱਗੀ ਇਹ ਸੱਟ ਜਾਨਲੇਵਾ ਹੁੰਦੀ ਤਾਂ ਉਸ ਨੂੰ ਉਸ ਸਮੇਂ ਹਸਪਤਾਲ ਵਿੱਚ ਹੋਣਾ ਚਾਹੀਦਾ ਸੀ। ਦੂਜੀ ਵੀਡੀਓ, ਜੋ ਕਿ ਘਟਨਾ ਤੋਂ ਇੱਕ ਦਿਨ ਪਹਿਲਾਂ ਦੀ ਹੈ, ਅੰਮ੍ਰਿਤਪਾਲ ਨੇ ਆਪਣੇ ਆਪ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਤਾਂ ਪੁਲੀਸ ਨੇ ਘਟਨਾ ਤੋਂ ਬਚਾਅ ਲਈ ਲੋੜੀਂਦੀ ਸਾਵਧਾਨੀ ਕਿਉਂ ਨਹੀਂ ਵਰਤੀ। ਅਦਾਲਤ ਨੇ ਦੋਸ਼ ਤੈਅ ਕਰਨ ਲਈ ਭਲਕੇ ਸੁਣਵਾਈ ਦੀ ਅਗਲੀ ਤਰੀਕ ਨਿਰਧਾਰਤ ਕੀਤੀ ਹੈ।

Scroll to Top