‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਨੇੜਲੇ ਪਿੰਡ ਫ਼ਤਹਿਗੜ੍ਹ ਵਿਖੇ ਰੈਲੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਦੀ ਦੇਖ-ਰੇਖ ਹੇਠ ਹੋਈ ਇਸ ਰੈਲੀ ਵਿੱਚ ਜੇਲ੍ਹ ਵਿੱਚ ਬੰਦ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸ਼ਿਰਕਤ ਕਰਦਿਆਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੱਕਜੁੱਟ ਹੋਣ ਅਤੇ ‘ਆਪ’ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਇਸ ਰੈਲੀ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਕੱਠ ਵਿੱਚ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਸਾਡੀ ਬੋਲੀ, ਪਾਣੀ, ਕਿਸਾਨੀ ਤੇ ਨੌਜਵਾਨੀ ’ਤੇ ਮਾਰੂ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਰਵਾਇਤੀ ਪਾਰਟੀਆਂ ਦੀਆਂ ਚਾਲਾਂ ਤੇ ਨੀਤੀਆਂ ਨੂੰ ਪੰਜਾਬ ਦਾ ਨੌਜਵਾਨ ਚੰਗੀ ਤਰ੍ਹਾਂ ਸਮਝ ਰਿਹਾ ਹੈ। ਹੁਣ ਨੌਜਵਾਨਾਂ ਦੇ ਇੱਕਜੁੱਟ ਹੋ ਕੇ ਪੰਜਾਬ ਲਈ ਖੜ੍ਹਨ ਦਾ ਸਮਾਂ ਹੈ, ਜੇ ਹੁਣ ਵੀ ਦੇਰ ਹੋਈ ਤਾਂ ‘ਆਪ’ ਤੇ ਕੇਂਦਰ ਸਰਕਾਰ ਪੰਜਾਬੀਆਂ ਨੂੰ ਉੱਠਣ ਨਹੀਂ ਦੇਣਗੇ। ਉਨ੍ਹਾਂ ਨੌਜਵਾਨ ਵਰਗ ਨੂੰ ਕੌਮ ਪ੍ਰਤੀ ਜ਼ਿੰਮੇਵਾਰ ਬਣਨ ਅਤੇ ਅਗਾਮੀਂ ਵਿਧਾਨ ਸਭਾ ਚੋਣਾਂ ਲਈ ਪੰਥਕ ਪਾਰਟੀ ਵਾਰਿਸ ਪੰਜਾਬ ਦੇ ਅਤੇ ਸਹਿਯੋਗੀ ਪਾਰਟੀਆਂ ਨੂੰ ਅੱਗੇ ਲਿਆਉਣ ਦਾ ਸੱਦਾ ਦਿੱਤਾ ਤਾਂ ਜੋ ਸਰਕਾਰਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਕਢਵਾਇਆ ਜਾ ਸਕੇ। ਇਸੇ ਦੌਰਾਨ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਜਾਂ ਪੰਥ ’ਤੇ ਭੀੜ ਪਈ ਹੈ ਨੌਜਵਾਨ ਵਰਗ ਨੇ ਵੱਡਾ ਯੋਗਦਾਨ ਪਾ ਕੇ ਪੰਥ ਨੂੰ ਹਰ ਭੀੜ ਵਿੱਚੋਂ ਕੱਢਿਆ ਹੈ। ਹੁਣ ਵੀ ਅਜਿਹਾ ਹੀ ਸਮਾਂ ਚੱਲ ਰਿਹਾ ਹੈ ਅਤੇ ਨੌਜਵਾਨ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਨੇ ਇਕੱਠ ਵਿਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਪ੍ਰਸ਼ਾਸਨ ਵਲੋਂ ਰੋਕਾਂ ਲਗਾ ਕੇ ਰੈਲੀ ਵਿੱਚ ਪੁੱਜਣ ਵਾਲਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸਰਕਾਰ ਡਰ ਤੇ ਬੌਖ਼ਲਾਹਟ ਕਾਰਨ ਅਜਿਹੀਆਂ ਚਾਲਾਂ ਚੱਲ ਰਹੀ ਹੈ। ਇਸ ਮੌਕੇ ਬਲਵਿੰਦਰ ਕੌਰ, ਪਰਮਜੀਤ ਸਿੰਘ ਜੌਹਲ, ਮਨਦੀਪ ਸਿੰਘ ਸਿੱਧੂ, ਰਿਮਲਜੋਤ ਸਿੰਘ, ਕਾਬਲ ਸਿੰਘ ਭੁੱਲਰ, ਨਿਰਮੈਲ ਸਿੰਘ ਜੌਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਾਬਕਾ ਡਾਇਰੈਕਟਰ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ, ਤੇਜਿੰਦਰ ਸਿੰਘ, ਸਤਨਾਮ ਸਿੰਘ ਟਾਂਡਾ, ਬਲਜੀਤ ਸਿੰਘ ਖਾਲਸਾ,ਕੁਲਵਿੰਦਰ ਸਿੰਘ ਕੰਸਾਲਾ ਤੇ ਤਰਲੋਚਨ ਸਿੰਘ ਮਾਜਰਾ ਹਾਜ਼ਰ ਸਨ।
