ਅੰਮ੍ਰਿਤਪਾਲ ਸਿੰਘ ਵਿਰੁੱਧ ਬਿਆਨਬਾਜ਼ੀ ਦਾ ਵਿਰੋਧ: ਅੰਮ੍ਰਿਤਸਰ ‘ਚ ਸੁਖਜਿੰਦਰ ਰੰਧਾਵਾ ਦਾ ਪੁਤਲਾ ਫੂਕਿਆ

ਸਾਬਕਾ ਕਾਂਗਰਸੀ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਦੇ ਵਿਰੋਧ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਕਾਂਗਰਸੀ ਆਗੂ ਖਿਲਾਫ ਰੋਸ ਵਿਖਾਵਾ ਕਰਦਿਆਂ ਕਚਹਿਰੀ ਚੌਂਕ ਵਿੱਚ ਪੁਤਲਾ ਸਾੜਿਆ ਗਿਆ ਹੈ ਅਤੇ ਕਾਂਗਰਸੀ ਆਗੂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਕਚਿਹਰੀ ਚੌਂਕ ਵਿੱਚ ਇਕੱਠੇ ਹੋਏ। ਜਿਥੇ ਸਾਬਕਾ ਕਾਂਗਰਸੀ ਮੰਤਰੀ ਦੇ ਬੇਬੁਨਿਆਦ ਬਿਆਨ ਦੇ ਵਿਰੋਧ ਵਿੱਚ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕ ਕੇ ਰੋਸ ਜਤਾਇਆ। ਆਗੂਆਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਪੰਜਾਬ ਦੀ ਸਾਂਝੀਵਾਲਤਾ ਅਤੇ ਅਮਨ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਿਆਸਤ ਕਰਦੀ ਆਈ ਹੈ। ਅੰਮ੍ਰਿਤਪਾਲ ਸਿੰਘ ਨੂੰ ਝੂਠੇ ਬੋਲ ਕੇ ਨਿਸ਼ਾਨਾ ਬਣਾਉਣਾ ਸਿਰਫ਼ ਸਿਆਸੀ ਸਾਜ਼ਿਸ਼ ਹੈ। ਪਾਰਟੀ ਨੇ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਦੀ ਬੇਇੱਜ਼ਤੀ ਅਤੇ ਪੰਜਾਬ ਦੇ ਮਾਹੌਲ ਨਾਲ ਖੇਡਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਦੱਸਿਆ ਕਿ ਕਾਂਗਰਸੀ ਆਗੂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਦਿੱਤਾ ਗਿਆ ਬਿਆਨ ਦਾ ਪਾਰਟੀ ਵਿੱਚ ਸਖਤ ਰੋਸ ਹੈ। ਜਿਸ ਦੇ ਖਿਲਾਫ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਥੇਬੰਦੀ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਦਾ ਸਰਮਥਨ ਮਿਲ ਰਿਹਾ ਹੈ ਅਤੇ ਸਿੱਖ ਨੌਜਵਾਨਾਂ ਵਿੱਚ ਵਧ ਰਹੀ ਲਹਿਰ ਤੋਂ ਘਬਰਾ ਕੇ ਵਿਰੋਧੀ ਪੱਖ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਥਕ ਆਗੂਆਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ।

Scroll to Top