ਇਟਲੀ ‘ਚ ਗੁਰਦੁਆਰਾ ਸਾਹਿਬ ਦੇ ਬਾਹਰ 2 ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

ਇਟਲੀ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖਾਂ ਰਜਿੰਦਰ ਸਿੰਘ ਤੇ ਗੁਰਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।  ਐਡਵੋਕੇਟ ਧਾਮੀ ਨੇ ਕਿਹਾ ਕਿ ਇਟਲੀ ਦੇ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ ਕੋਵੋ (ਬੈਰਗਾਮੋ) ਦੇ ਬਾਹਰ ਹੋਈ ਇਹ ਘਟਨਾ ਦੇਸ਼ ਵਿਦੇਸ ਦੇ ਸਿੱਖਾਂ ਲਈ ਵੱਡੀ ਚਿੰਤਾ ਵਾਲੀ ਗੱਲ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੇ ਪੂਰੀ ਦੁਨੀਆ ਅੰਦਰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਉੱਤੇ ਚੱਲਦਿਆਂ ਹਮੇਸ਼ਾ ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕੀਤਾ ਹੈ। ਇਨ੍ਹਾਂ ਨੇ ਗੁਰਦੁਆਰਾ ਸਾਹਿਬਾਨ ਦੇ ਰਾਹੀਂ ਹਮੇਸ਼ਾ ਹੀ ਲੋਕ ਭਲਾਈ ਦੇ ਕਾਰਜਾਂ ਵਿਚ ਵੱਡਾ ਹਿੱਸਾ ਪਾਇਆ ਹੈ। ਗੁਰਦੁਆਰਾ ਸਾਹਿਬਾਨ ਜਿਥੋਂ ਹਮੇਸ਼ਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਮਿਲਦਾ ਹੈ ਉਥੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਬੇਹੱਦ ਗੰਭੀਰ ਹੈ। ਇਸ ਲਈ ਭਾਰਤ ਸਰਕਾਰ ਨੂੰ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਇਟਲੀ ਸਰਕਾਰ ਨੂੰ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਵੀ ਅਪੀਲ ਕੀਤੀ। ਐਡਵੋਕੇਟ ਧਾਮੀ ਨੇ ਇਟਲੀ ਵਿਚ ਮਾਰੇ ਗਏ  ਰਜਿੰਦਰ ਸਿੰਘ ਤੇ ਗੁਰਮੀਤ ਸਿੰਘ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ।

Scroll to Top