ਜਥੇ. ਗੜਗੱਜ ਵੱਲੋਂ ਟਾਕਾਨੀਨੀ ਗੁ. ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਸਮਾਗਮ ਮੌਕੇ ਮਾਓਰੀ ਆਗੂਆਂ ਦਾ ਸਨਮਾਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਉਪਰਾਲੇ ਨਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸੰਗਤ ਨੂੰ ਸਿੱਖੀ ਸਿਧਾਂਤਾਂ ਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ।  ਉਨ੍ਹਾਂ ਨਿਊਜ਼ੀਲੈਂਡ ਦੀ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਅਤੇ ਗੁਰਦੁਆਰਾ ਸਾਹਿਬਾਨ ਨਾਲ ਜੋੜ ਦੇ ਰੱਖਣ ਦਾ ਸੰਦੇਸ਼ ਦਿੱਤਾ। ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਅੰਦਰ ਸਥਾਨਕ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।  ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ ਮੂਲ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਇੱਥੇ ਵੱਸੇ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਹੈ ਅਤੇ ਗੁਰੂ ਘਰਾਂ ਰਾਹੀਂ ਸਿੱਖ ਸਿਧਾਂਤ ਅਨੁਸਾਰ ਕਾਰਜ ਤੇ ਸੇਵਾਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਵਿੱਚ ਸਿੱਖਾਂ ਨੇ ਇਸ ਦੇਸ਼ ਅੰਦਰ ਮਨੁੱਖਤਾ ਦੀ ਭਲਾਈ ਲਈ ਵੱਡੀਆਂ ਸੇਵਾਵਾਂ ਨਿਭਾਈਆਂ ਜਿਨ੍ਹਾਂ ਨਾਲ ਸਿੱਖ ਦਸਤਾਰ ਅਤੇ ਪਛਾਣ ਦਾ ਮਾਣ ਵਧਿਆ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਸਿੱਖੀ ਨਾਲ ਜੋੜੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਮੂਹ ਸਿੱਖ ਪਰਿਵਾਰ ਹਰ ਹਫ਼ਤੇ ਘੱਟੋ-ਘੱਟ ਛੁੱਟੀ ਵਾਲੇ ਦਿਨ ਪੂਰੇ ਪਰਿਵਾਰ ਸਮੇਤ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਕਰਨ ਲਈ ਆਉਣ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਆਪਣੇ ਮੂਲ ਪੰਜਾਬ ਨਾਲੋਂ ਦੂਰ ਹਾਂ ਪਰੰਤੂ ਸਿੱਖ ਨੇ ਹਮੇਸ਼ਾ ਇਹ ਗੱਲ ਚੇਤੇ ਵਿੱਚ ਰੱਖਣੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਸਦਕਾ ਖ਼ਾਲਸਾ ਪੰਥ ਇੱਕ ਸਾਂਝਾ ਪਰਿਵਾਰ ਹੈ ਅਤੇ ਅਸੀਂ ਕੌਮੀ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ। ਉਨ੍ਹਾਂ ਕਿਹਾ ਕਿ ਅਸੀਂ ਰਲ ਮਿਲ ਕੇ ਇੱਕ ਦੂਸਰੇ ਦਾ ਸਹਿਯੋਗ ਅਤੇ ਲੋੜਵੰਦਾਂ ਦੀ ਮਦਦ ਕਰੀਏ।  ਸਮਾਗਮ ਦੌਰਾਨ ਪਿਛਲੇ ਸਮੇਂ ਸਿੱਖ ਭਾਈਚਾਰੇ ਦੇ ਹੱਕ ਵਿੱਚ ਖੜ੍ਹਨ ਵਾਲੀਆਂ ਮਾਓਰੀ ਭਾਈਚਾਰੇ ਨਾਲ ਸਬੰਧਤ ਦੋ ਮਹਿਲਾ ਆਗੂ ਵੀ ਪੁੱਜੀਆਂ। ਨਿਊਜ਼ੀਲੈਂਡ ਦੇ ਤਮਾਕੀ ਮਕਾਰਉ ਤੋਂ ਸੰਸਦ ਮੈਂਬਰ ਓਰੀਨੀ ਕਾਇਪਾਰਾ ਅਤੇ ਨਿਊਜ਼ੀਲੈਂਡ ਮਾਓਰੀ ਕੌਂਸਲ ਦੀ ਚੇਅਰਪਰਸਨ ਐਨ ਕੈਂਡਲ ਨੇ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਦੋਵਾਂ ਨੂੰ ਗੁਰੂ ਘਰ ਵਿਖੇ ਸਨਮਾਨਿਤ ਵੀ ਕੀਤਾ ਗਿਆ। ਪਿਛਲੇ ਸਮੇਂ ਔਕਲੈਂਡ ਤੇ ਟੌਰੰਗਾ ਵਿੱਚ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਮਾਓਰੀ ਰਵਾਇਤ ਹਾਕਾ ਦੀ ਦੁਰਵਰਤੋਂ ਕਰਕੇ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਆਗੂਆਂ ਨੇ ਸਿੱਖਾਂ ਦੇ ਹੱਕ ਵਿੱਚ ਡਟ ਕੇ ਅਵਾਜ਼ ਉਠਾਈ ਸੀ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਬੁਲਾਰੇ ਤੇ ਸੈਂਟਰਲ ਸਿੱਖ ਐਸੋਸੀਏਸ਼ਨ ਆਫ਼ ਨਿਊਜ਼ੀਲੈਂਡ ਦੇ ਪ੍ਰਧਾਨ ਦਲਜੀਤ ਸਿੰਘ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਤਾਰ ਸਿੰਘ, ਸਕੱਤਰ ਰਣਬੀਰ ਸਿੰਘ ਲਾਲੀ, ਚੇਅਰਮੈਨ ਨੈਬ ਸਿੰਘ, ਚੇਅਰਮੈਨ ਧਾਰਮਿਕ ਮਾਮਲੇ ਸਤਨਾਮ ਸਿੰਘ, ਖਜਾਨਚੀ ਮਨਜਿੰਦਰ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਮੀਤ ਪ੍ਰਧਾਨ ਬੀਬੀ ਹਰਵਿੰਦਰ ਕੌਰ, ਸਾਬਕਾ ਪ੍ਰਧਾਨ ਬੀਬੀ ਜਸਬੀਰ ਕੌਰ, ਪਾਪਾਕੁਰਾ ਮਰਾਏ ਕੌਂਸਲ ਦੇ ਚੇਅਰਮੈਨ ਟੋਨੀ ਕਾਕੇ, ਸ. ਜਸਕਰਨ ਸਿੰਘ ਮੀਡੀਆ ਸਲਾਹਕਾਰ ਆਦਿ ਹਾਜ਼ਰ ਸਨ।

Scroll to Top