ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ਮਾਪਦੰਡਾਂ ’ਤੇ ਪੂਰਾ ਨਾ ਹੋਣ ਦੇ ਨਾਂ ਹੇਠ ਕਣਕ ਦੀ ਖਰੀਦ ਨਾ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪੰਜਾਬ ਦੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਧਰਨੇ ਦਿੱਤੇ ਗਏ। ਇਸੇ ਸੱਦੇ ਵਜੋਂ ਜਿਲ੍ਹਾ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਅਤੇ ਬਘੇਲ ਸਿੰਘ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ, ਝੱਖੜ ਅਤੇ ਹਨੇਰੀ ਨੇ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ। ਇਸੇ ਦੌਰਾਨ ਅੱਗ ਲੱਗਣ ਕਾਰਨ ਵੀ ਸੈਂਕੜੇ ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਹੈ। ਹੁਣ ਜੋ ਕਣਕ ਦੀ ਫਸਲ ਪੱਕ ਕੇ ਮੰਡੀਆਂ ਵਿੱਚ ਆ ਰਹੀ ਹੈ ਉਸ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਹਨ। ਇਸ ਸਬੰਧੀ ਪੰਜਾਬ ਸਰਕਾਰ ਨੇ ਵੀ ਚੁੱਪ ਧਾਰੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਫਸਲਾਂ ਦੀ ਖਰੀਦ ’ਤੇ ਸਖਤ ਸਰਤਾਂ ਮੜ ਕੇ ਖਰੀਦ ਤੋਂ ਭੱਜਣ ਲਈ ਕਈ ਸਾਲਾਂ ਤੋਂ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕ ਜਥੇਬੰਦੀਆਂ ਦੇ ਸੰਘਰਸ਼ ਕਾਰਨ ਹਾਲੇ ਤੱਕ ਸਰਕਾਰੀ ਖਰੀਦ ਜਾਰੀ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
