ਵਿਦੇਸ਼ ਵਿੱਚ ਸਿੱਖਾਂ ਦੇ ਕਤਲਾਂ ਲਈ ਕੇਂਦਰ ਜ਼ਿੰਮੇਵਾਰ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਲਈ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਸ੍ਰੀ ਮਾਨ ਅੱਜ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ ਅਤੇ ਕੈਨੇਡਾ ਵਿੱਚ ਹੋਏ ਸਿੱਖਾਂ ਦੇ ਕਤਲਾਂ ਦੀ ਜਾਂਚ ਕਰ ਰਹੀ ਉੱਥੋਂ ਦੀ ਪੁਲੀਸ ਨੇ ਕਿਹਾ ਹੈ ਕਿ ਭਾਰਤ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗਾ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਬਚਾਉਣ ਅਤੇ ਪਾਕਿਸਤਾਨ ਨਾਲ ਸਿੱਧੇ ਤੌਰ ’ਤੇ ਵਪਾਰ ਕਰਨ ਲਈ ਕੇਂਦਰ ਸਰਕਾਰ ਵਾਹਗਾ ਬਾਰਡਰ ਖੋਲ੍ਹੇ। ਇਸ ਨਾਲ ਸੂਬੇ ਦਾ ਕਿਸਾਨ ਆਪਣੀ ਫ਼ਸਲ ਪਾਕਿਸਤਾਨ, ਅਫ਼ਗ਼ਾਨਿਸਤਾਨ ਸਣੇ ਹੋਰ ਮੁਲਕਾਂ ਤੱਕ ਪਹੁੰਚਾ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕੇਂਦਰ ਸਰਕਾਰ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਬਿਨਾਂ ਸ਼ਰਤ ਜਾਣ ਦੀ ਇਜਾਜ਼ਤ ਦੇਵੇ। ਬਾਰਡਰ ਖੁੱਲ੍ਹਣ ਨੂੰ ਅਤਿਵਾਦੀ ਗਤੀਵਿਧੀਆਂ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਸ੍ਰੀ ਮਾਨ ਨੇ ਸੂਬਾ ਸਰਕਾਰ ’ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਬੇਰੁਜ਼ਗਾਰੀ ਵਧਣ ਕਾਰਨ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਆਦੀ ਬਣਦੀ ਜਾ ਰਹੀ ਹੈ। ਕੁਝ ਨੌਜਵਾਨ ਗੈਂਗਸਟਰਾਂ ਦੇ ਕਹਿਣ ’ਤੇ ਸਮਾਜ ਵਿਰੋਧੀ ਕੰਮ ਕਰ ਰਹੇ ਹਨ। ਸੂਬਾ ਸਰਕਾਰ ਨੌਜਵਾਨਾਂ ਦੇ ਕਥਿਤ ਫ਼ਰਜ਼ੀ ਮੁਕਾਬਲੇ ਬਣਾ ਰਹੀ ਹੈ।

Scroll to Top