ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਅਤੇ ਬਰਨਾਲਾ ਦੇ ਸਾਰੇ ਹਸਪਤਾਲਾਂ ਨੂੰ ਅਪਗਰੇਡ ਕਰਨ ਅਤੇ ਸੰਸਦੀ ਹਲਕੇ ਵਿੱਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਬਾਰੇ ਦਿੱਤੇ ਬਿਆਨ ਬਾਰੇ ਬੋਲਦਿਆਂ ਸ੍ਰੀ ਮਾਨ ਨੇ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਉਨ੍ਹਾਂ ਨੇ ਸੰਸਦ ਮੈਂਬਰ ਹੁੰਦਿਆਂ ਕੇਂਦਰ ਤੋਂ ਪਾਸ ਕਰਵਾਏ ਸਨ। ਇੱਥੇ ਆਪਣੀ ਰਿਹਾਇਸ਼ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਪਹਿਲਾਂ ਸ਼ੁਰੂ ਹੋਣੀਆਂ ਸਨ ਪਰ ਹੁਣ ਸ਼ੁਰੂ ਹੋਣ ਜਾ ਰਹੀਆਂ ਹਨ। ਸ੍ਰੀ ਮਾਨ ਨੇ ਦਾਅਵਾ ਕੀਤਾ ਕਿ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਹੋਰ ਨੁਕਸਾਨ ਤੋਂ ਬਚਾਉਣ ਲਈ ਇਨ੍ਹਾਂ ਨੂੰ ਅੰਡਰਗਰਾਊਡ ਕਰਨ ਵਾਸਤੇ ਉਹ ਬਤੌਰ ਸੰਸਦ ਮੈਂਬਰ ਕੇਂਦਰ ਨੂੰ ਲਗਾਤਾਰ ਪੱਤਰ ਲਿਖਦੇ ਰਹੇ ਹਨ। ਉਨ੍ਹਾਂ ਦੇ ਸੁਝਾਵਾਂ ਨੂੰ ਪ੍ਰਵਾਨ ਕਰ ਕੇ ਤਤਕਾਲੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ 24 ਅਪਰੈਲ 2023 ਨੂੰ ਬਰਨਾਲਾ, ਸੰਗਰੂਰ, ਮਾਲੇਰਕੋਟਲਾ ਅਤੇ ਹੋਰ ਥਾਵਾਂ ’ਤੇ ਹਸਪਤਾਲਾਂ ਨੂੰ ਅਪਗਰੇਡ ਕਰਨ ਬਾਰੇ ਪੱਤਰ ਲਿਖ ਕੇ ਜਾਣੂ ਕਰਵਾਇਆ ਸੀ। ਉਸ ਸਮੇਂ 13071.28 ਲੱਖ ਰੁਪਏ ਦੀ ਰਕਮ ਪਾਸ ਹੋਈ ਜਿਸ ਤਹਿਤ ਸੰਗਰੂਰ ਲਈ 4921 .94 ਲੱਖ, ਮਾਲੇਰਕੋਟਲਾ ਲਈ 2660.60 ਲੱਖ ਰੁਪਏ ਪਾਸ ਹੋਏ ਸਨ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੇ ਕੰਮ ਵਾਸਤੇ ਮਾਲੇਰਕੋਟਲਾ ਲਈ 53 ਕਰੋੜ, ਬਰਨਾਲਾ ਲਈ 84 ਕਰੋੜ ਅਤੇ ਸੰਗਰੂਰ ਲਈ 164 ਕਰੋੜ ਰੁਪਏ ਪਾਸ ਹੋਏ ਸਨ। ਇਸ ਤੋਂ ਇਲਾਵਾ ਆਰ ਡੀ ਐੱਸ ਐੱਸ ਦੀ ਸਕੀਮ ਅਧੀਨ ਬਰਨਾਲਾ, ਧੌਲਾ, ਠੀਕਰੀਵਾਲਾ ਅਤੇ ਹੰਡਿਆਇਆ ਵਿੱਚ ਫੀਡਰਾਂ ਦੇ ਲੋਡ ਵਧਾਉਣ, ਨਵੀਂ ਐੱਚ ਟੀ ਲਾਈਨ ਪਾਉਣ ਆਦਿ ਲਈ 7.77 ਕਰੋੜ ਰੁਪਏ ਪਾਸ ਕਰਵਾਏ ਸਨ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।
