ਹਲਕਾ ਖਡੂਰ ਸਾਹਿਬ ਦੇ ਪਿੰਡ ਵਈਂਪੁਈ ਵਿੱਚ ਛੱਪੜ ਦੀ ਡੂੰਘਾਈ ਕਾਰਨ ਵਿਵਾਦ ’ਚ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਵੱਲੋਂ ਦੋ ਦਲਿਤ ਪਰਿਵਾਰਾਂ ਦੇ ਘਰ ਨੂੰ ਅੱਗ ਲਾਉਣ ਦਾ ਮਾਮਲਾ ਭਖ ਗਿਆ ਹੈ। ਗੋਇੰਦਵਾਲ ਦੀ ਪੁਲੀਸ ਨੇ ਵਿਧਾਇਕ ਦੇ ਸਾਲੇ ਸਮੇਤ ਕਰੀਬ ਦਸ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪਿੰਡ ਵਈਂਪੁਈ ਪੁੱਜੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪੀੜਤ ਪਰਿਵਾਰਾਂ ਹਮਦਰਦੀ ਪ੍ਰਗਟਾਈ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਦੀ ਸ਼ਹਿ ਪ੍ਰਾਪਤ ਉਸ ਦਾ ਰਿਸ਼ਤੇਦਾਰ ਬਲਦੇਵ ਸਿੰਘ ਗੋਰਾ, ਜੋ ਪਿੰਡ ਵਈਂਪੁਈ ਦਾ ਸਰਪੰਚ ਵੀ ਹੈ, ਲੋਕਾਂ ਨਾਲ ਧੱਕਾ ਕਰ ਰਿਹਾ ਹੈ। ਉਸ ਦੀ ਧੱਕੇਸ਼ਾਹੀ ਦੇ ਪਹਿਲਾਂ ਵੀ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਵਿਧਾਇਕ ਦਾ ਰਿਸ਼ਤੇਦਾਰ ਸੱਤਾ ਦੇ ਨਸ਼ੇ ਵਿੱਚ ਲੋਕਾਂ ਤੇ ਤਸ਼ੱਦਦ ਢਾਹ ਰਿਹਾ ਹੈ, ਜਿਸ ਨੂੰ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਘਰਾਂ ਨੂੰ ਅੱਗ ਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਗੋਇੰਦਵਾਲ ਨੇ ਪੀੜਤ ਦਲਬੀਰ ਕੌਰ ਦੇ ਬਿਆਨ ’ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਤੇ ਸਰਪੰਚ ਬਲਦੇਵ ਸਿੰਘ ਗੋਰਾ ਸਮੇਤ ਦਸ ਮੁਲਜ਼ਮਾਂ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਸ ਐੱਚ ਓ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ।
