ਈਰਾਨ, ਇਜ਼ਰਾਈਲ ਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨੂੰ ਭੇਟ ਕੀਤੇ ਜਾਂਦੇ ਸਿਰੋਪਿਆਂ ਦੀ ਸਪਲਾਈ ’ਤੇ ਵੀ ਪਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਗੇੜਾ ਨੇ ਦੱਸਿਆ ਕਿ ਇਸ ਪਵਿੱਤਰ ਸਥਾਨ ’ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇਨ੍ਹਾਂ ਮੌਕਿਆਂ ’ਤੇ ਸੰਗਤ ਨੂੰ ਗੁਰੂ ਦੀ ਕਿਰਪਾ ਦੇ ਪ੍ਰਤੀਕ ਵਜੋਂ ਸਿਰੋਪੇ ਭੇਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇੱਥੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਨੂੰ ਵੀ ਸਿਰੋਪੇ ਸਪਲਾਈ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਸਾਲ ਭਰ ਦੀਆਂ ਜ਼ਰੂਰਤ ਮੁਤਾਬਕ ਕਰੀਬ ਇਕ ਲੱਖ ਸਿਰੋਪਿਆਂ ਦਾ ਆਰਡਰ ਗੁਜਰਾਤ ਦੀ ਫਰਮ ਕਮਲ ਬਿਕਸ ਨੂੰ ਦਿੱਤਾ ਗਿਆ ਸੀ, ਪਰ ਹੁਣ ਤੱਕ ਸਿਰਫ਼ 19,000 ਸਿਰੋਪੇ ਹੀ ਡਿਲੀਵਰ ਕੀਤੇ ਗਏ ਹਨ। ਫਰਮ ਮੁਤਾਬਕ ਸਿਰੋਪੇ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਵਿਸ਼ੇਸ਼ ਪੈਟਰੋਲੀਅਮ-ਅਧਾਰਤ ਰਸਾਇਣ ਈਰਾਨ ਤੋਂ ਦਰਾਮਦ ਕੀਤਾ ਜਾਂਦਾ ਹੈ। ਜੰਗ ਕਾਰਨ ਇਸ ਰਸਾਇਣ ਦੀ ਸਪਲਾਈ ’ਚ ਵਿਘਨ ਪਿਆ ਹੈ। ਇਸ ਕਾਰਨ ਕੱਪੜੇ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਤੇ ਆਰਡਰ ਸਮੇਂ ਸਿਰ ਪੂਰੇ ਨਹੀਂ ਹੋ ਰਹੇ ਹਨ। ਮੈਨੇਜਰ ਨੇ ਕਿਹਾ ਕਿ ਸਿਰੋਪਿਆਂ ਦੀ ਘਾਟ ਯਕੀਨੀ ਤੌਰ ’ਤੇ ਗੰਭੀਰ ਸਥਿਤੀ ਹੈ, ਕਿਉਂਕਿ ਇਹ ਧਾਰਮਿਕ ਪਰੰਪਰਾ ਦਾ ਮਾਮਲਾ ਹੈ। ਇਸ ਦੇ ਬਾਵਜੂਦ ਪ੍ਰਬੰਧਨ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਸ਼ਰਧਾਲੂਆਂ ਨੂੰ ਅਸੁਵਿਧਾ ਨਾ ਹੋਵੇ। ਉਪਲਬਧ ਸਟਾਕ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਰਿਹਾ ਹੈ ਤੇ ਬਦਲਵੇਂ ਉਪਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਅਧਿਕਾਰੀਆਂ ਤੇ ਪ੍ਰਬੰਧਕਾਂ ਨੂੰ ਸਿਰੋਪਿਆਂ ਦੀ ਵਰਤੋਂ ’ਚ ਸੰਜਮ ਵਰਤਣ ਲਈ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਹਨ।
