ਜਥੇਦਾਰ ਦੀ ਵੀਡੀਓ ਦਾ ਸਕੱਤਰੇਤ ਵੱਲੋਂ ਸਖ਼ਤ ਨੋਟਿਸ

ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਇੱਕ ਅਕਾਲੀ ਆਗੂ ਦੇ ਪੈਰੀਂ ਹੱਥ ਲਗਾਉਣ ਵਰਗੀ ਵਾਇਰਲ ਹੋਈ ਵੀਡੀਓ ਦਾ ਅਕਾਲ ਤਖਤ ਦੇ ਸਕੱਤਰੇਤ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਸਕੱਤਰੇਤ ਨੇ ਇਸ ਦੀ ਸਖਤ ਨਿੰਦਾ ਕਰਦਿਆਂ ਇਸ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਇਸ ਨੂੰ ਸੋਸ਼ਲ ਮੀਡੀਆ ਮੰਚ ਤੋਂ ਹਟਾਇਆ ਜਾਵੇ। ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਜਥੇਦਾਰ ਗੜਗੱਜ ਸਿੱਖੀ ਸਿਧਾਂਤ ਅਤੇ ਮਰਿਯਾਦਾ ਦੇ ਪੂਰਨ ਧਾਰਨੀ ਹਨ ਅਤੇ ਉਹ ਕਿਸੇ ਵੀ ਹਾਲ ਵਿੱਚ ਮਰਿਯਾਦਾ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਜਥੇਦਾਰ ਦੀ ਉੱਚ ਪਦਵੀ ਨੂੰ ਸੱਟ ਮਾਰਨ ਦੀ ਮਨਸ਼ਾ ਨਾਲ ਵੀਡੀਓ ਨਾਲ ਛੇੜ ਛਾੜ ਕਰਕੇ ਗਲਤ ਰੰਗਤ ਦਿੱਤੀ ਗਈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਕੱਤਰੇਤ ਇੰਚਾਰਜ ਨੇ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਸੋਸ਼ਲ ਮੀਡੀਆ ਮੰਚਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਅਤੇ ਆਪਣੇ ਮੰਚਾਂ ਉੱਤੇ ਪਾਈਆਂ ਗਲਤ ਵੀਡੀਓ ਨੂੰ ਹਟਾਉਣ।

Scroll to Top