ਇੱਥੋਂ ਦੀ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ‘ਪੰਜਾਬ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਜਗਮੀਤ ਸਿੰਘ ਹਰਿਆਊ ਨੂੰ ਹਲਕਾ ਸਮਾਣਾ ਤੋਂ ਉਮੀਦਵਾਰ ਐਲਾਨਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਗਿਆ ਸੀ ਅਤੇ ਇਸ ਬਾਰੇ 2016 ਵਿੱਚ ਇਕ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਜੋ ਪ੍ਰਵਾਨ ਨਹੀਂ ਕੀਤਾ ਗਿਆ ਸੀ। ਜਦੋਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਪਾਸ ਕਰਵਾਉਣ ਲਈ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਹੋਂਦ ’ਚ ਆਉਣ ਤੋਂ ਬਾਅਦ ਹੀ ਸੂਬੇ ਵਿਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਹਨ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਵਿੱਚ ਪਿਛਲੇ 4 ਸਾਲਾਂ ਦੌਰਾਨ 1.55 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨਿਵੇਸ਼ਕ ਫਿਰੌਤੀ ਦੀਆਂ ਘਟਨਾਵਾਂ ਕਾਰਨ ਪੰਜਾਬ ’ਚ ਨਿਵੇਸ਼ ਕਰਨ ਤੋਂ ਪਾਸਾ ਵੱਟ ਗਏ ਹਨ ਜਿਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸ਼੍ਰੀ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦਾ ਜਿੰਨਾ ਵਿਕਾਸ ਹੋਇਆ ਹੈ ਉਹ ਅਕਾਲੀ ਸਰਕਾਰ ਸਮੇਂ ਹੋਇਆ। ਦਿੱਲੀ ਤੋਂ ਚੱਲਦੀਆਂ ਕਾਂਗਰਸ ਤੇ ਆਮ ਆਦਮੀ ਪਾਰਟੀਆਂ ਤਾਂ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਣ ਆਈਆਂ ਹਨ। ਇਸ ਮੌਕੇ ਜਗਮੀਤ ਸਿੰਘ ਹਰਿਆਊ ਨੇ ਰੈਲੀ ’ਚ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਪਾਰਟੀ ਪ੍ਰਧਾਨ ਨੂੰ ਹਲਕੇ ਦੇ ਹੋਣ ਵਾਲੇ ਜ਼ਰੂਰੀ ਕੰਮਾਂ ਬਾਰੇ ਜਾਣੂ ਕਰਵਾਇਆ। ਰੈਲੀ ’ਚ ਸੀਨੀਅਰ ਆਗੂ ਐੱਨ ਕੇ ਸ਼ਰਮਾ, ਯੂਥ ਆਗੂ ਸਰਬਜੀਤ ਸਿੰਘ ਝਿੰਜਰ, ਕੁਲਦੀਪ ਸਿੰਘ ਨੱਸੂਪੁਰ, ਅਮਰਜੀਤ ਸਿੰਘ ਟੋਡਰਪੁਰ, ਕਬੀਰ ਦਾਸ ਆਦਿ ਹਾਜ਼ਰ ਸਨ।
