ਅਧਿਕਾਰੀ ਖੁਦਕੁਸ਼ੀ ਮਾਮਲਾ: ਗਗਨਦੀਪ ਰੰਧਾਵਾ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਲਿਖੇ ਪੱਤਰ ਜਨਤਕ ਹੋਏ

ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਪਿਛਲੇ ਦਿਨੀ ਆਪਣੇ ਵਿਭਾਗ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਨੂੰ ਘਟਨਾ ਦੀ ਜਾਣਕਾਰੀ ਦੇਣ ਸਬੰਧੀ ਭੇਜੇ ਗਏ ਚਾਰ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਇਹ ਪੱਤਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਜਨਤਕ ਕੀਤੇ ਗਏ ਹਨ। ਗ਼ੌਰਤਲਬ ਹੈ ਕਿ ਗਗਨਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਅੱਜ ਸਵੇਰੇ ਕੋਈ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਗਗਨਦੀਪ ਰੰਧਾਵਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਖੁਦਕੁਸ਼ੀ ਕਰਨ ਦੀ ਗੱਲ ਦੀ ਕਰਦਿਆ ਇਸ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ। ਮਜੀਠੀਆ ਵੱਲੋਂ ਜਨਤਕ ਕੀਤੇ ਗਏ ਇਹ ਪੱਤਰਾਂ ‘ਤੇ ਗਗਨਦੀਪ ਸਿੰਘ ਰੰਧਾਵਾ ਬਤੌਰ ਜ਼ਿਲ੍ਹਾਂ ਮੈਨੇਜਰ ਵਜੋਂ ਦਸਤਖਤ ਕੀਤੇ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਪੱਤਰ 14 ਮਾਰਚ ਨੂੰ ਪੰਜਾਬ ਰਾਜ ਗੋਦਾਮ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਗੌਤਮ ਜੈਨ ਅਤੇ ਇੱਕ ਪੱਤਰ ਫੂਡ ਗਰੇਨ ਇਮਪਲਾਈਜ ਯੂਨੀਅਨ ਦੇ ਪ੍ਰਧਾਨ ਵਿਨੇ ਸ਼ਰਮਾ ਨੂੰ ਭੇਜਿਆ ਗਿਆ ਹੈ। ਜਿਸ ਵਿੱਚ ਉਸ ਨੇ ਲਿਖਿਆ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਸ ਨੂੰ 13 ਮਾਰਚ ਨੂੰ ਪੱਟੀ ਵਿਖੇ ਆਪਣੇ ਦਫ਼ਤਰ ਵਿੱਚ ਸੱਦਿਆ ਸੀ। ਜਿੱਥੇ ਉਸ ਤੇ ਦੋਸ਼ ਲਾਇਆ ਕਿ ਉਸ ਨੇ ਜਾਣ ਬੁੱਝ ਕੇ ਸੁਖਦੇਵ ਸਿੰਘ ਭੁੱਲਰ ਨੂੰ ਟੈਂਡਰ ਜਾਰੀ ਕਰਨ ਦੀ ਥਾਂ ਕਿਸੇ ਹੋਰ ਕੋਲੋਂ ਕਥਿਤ ਰਿਸ਼ਵਤ ਲੈ ਕੇ ਟੈਂਡਰ ਦਿੱਤੇ ਹਨ। ਜਦ ਕਿ ਉਸ ਨੇ ਆਪਣੇ ਅਤੇ ਕਮੇਟੀ ਵੱਲੋਂ ਇੱਕ ਸਾਂਝੀ ਨਿਰੀਖਣ ਰਿਪੋਰਟ ਭੇਜੀ ਸੀ। ਕਿਉਂਕਿ ਟੈਂਡਰ ਪਾਸ ਕਰਨਾ ਇਕੱਲੇ ਉਸ ਦੇ ਹੱਥ ਵਿੱਚ ਨਹੀਂ ਸੀ। ਗਗਨਦੀਪ ਰੰਧਾਵਾ ਨੇ ਪੱਤਰ ਵਿੱਚ ਉਸ ਨਾਲ ਕੁੱਟਮਾਰ ਕਰਨ, ਮੰਦੀ ਭਾਸ਼ਾ ਵਰਤਣ ਅਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਵੇਰਵਿਆਂ ਅਨੁਸਾਰ ਗਗਨਦੀਪ ਰੰਧਾਵਾ ਵੱਲੋਂ 14 ਮਾਰਚ ਨੂੰ ਹੀ ਇੱਕ ਪੱਤਰ ਮੈਨੇਜਿੰਗ ਡਾਇਰੈਕਟਰ ਨੂੰ ਆਪਣੀ ਬਦਲੀ ਕਰਵਾਉਣ ਸਬੰਧੀ ਵੀ ਭੇਜਿਆ ਗਿਆ ਸੀ। 16 ਮਾਰਚ ਨੂੰ ਉਨ੍ਹਾਂ ਇੱਕ ਪੱਤਰ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਸੀ ਅਤੇ ਕੈਬਨਿਟ ਮੰਤਰੀ ਵੱਲੋਂ ਮਿਲ ਰਹੀਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਕੀਤੀ ਸੀ। ਦੱਸਣ ਯੋਗ ਹੈ ਕਿ ਗਗਨਦੀਪ ਸਿੰਘ ਰੰਧਾਵਾ ਦੇ ਕੋਲ ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ ਜ਼ਿਲ੍ਹੇ ਦਾ ਵੀ ਕਾਰਜਭਾਰ ਸੀ। ਉਹ ਵਧੇਰੇ ਉੱਚ ਸਿੱਖਿਆ ਪ੍ਰਾਪਤ ਅਧਿਕਾਰੀ ਸੀ, ਜਿਸ ਨੇ ਪੀ ਐੱਚ ਡੀ ਵੀ ਕੀਤੀ ਹੋਈ ਸੀ।

Scroll to Top