ਝੀਂਡਾ ਅਤੇ ਦਾਦੂਵਾਲ ਵਿਚਾਲੇ ਟਕਰਾਅ ਵਧਿਆ

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਸਬ-ਡਿਵੀਜ਼ਨ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਵਿੱਚ ਸ਼ਰਧਾਂਜਲੀ ਸਮਾਗਮ ਦੌਰਾਨ ਤਲਖੀ ਮਗਰੋਂ ਪੁਲੀਸ ਨੇ ਝੀਂਡਾ ਦੇ ਬਿਆਨਾਂ ’ਤੇ ਦਾਦੂਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਗਦੀਸ਼ ਸਿੰਘ ਝੀਂਡਾ ਅਤੇ ਸਮਰਥਕਾਂ ਨੇ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿੱਚ ਮੀਟਿੰਗ ਕਰਨ ਉਪਰੰਤ ਕੱਲ੍ਹ ਦੇਰ ਸ਼ਾਮ ਪੁਲੀਸ ਚੌਕੀ ਗੁਲਜ਼ਾਰਪੁਰਾ ਠਰੂਆ ਪਹੁੰਚ ਕੇ ਦਰਖ਼ਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਡੀ ਐੱਸ ਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਵਿੱਚ ‘ਆਪ’ ਆਗੂ ਜਸਵਿੰਦਰ ਸਿੰਘ ਦੇ ਮਾਤਾ ਦੇ ਭੋਗ ਸਮਾਰੋਹ ਦੌਰਾਨ ਬਲਜੀਤ ਸਿੰਘ ਦਾਦੂਵਾਲ ਅਤੇ ਜਗਦੀਸ਼ ਸਿੰਘ ਝੀਂਡਾ ਵਿਚਕਾਰ ਤਲਖੀ ਪੈਦਾ ਹੋ ਗਈ ਸੀ। ਇਸ ਸਬੰਧੀ ਸ਼੍ਰੀ ਝੀਂਡਾ ਵੱਲੋਂ ਦਿੱਤੀ ਗਈ ਦਰਖ਼ਾਸਤ ਦੇ ਆਧਾਰ ’ਤੇ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੇ ਸੱਤ-ਅੱਠ ਅਣਪਛਾਤੇ ਸਮਰਥਕਾਂ ਵਿਰੁੱਧ ਥਾਣਾ ਪਾਤੜਾਂ ’ਚ ਕੇਸ ਦਰਜ ਕੀਤਾ ਗਿਆ ਹੈ। ਡੀ ਐੱਸ ਪੀ ਨੇ ਤਜਿੰਦਰ ਸਿੰਘ ਤੇਜੀ ਵੱਲੋਂ ਝੀਂਡਾ ਖ਼ਿਲਾਫ਼ ਦਿੱਤੀ ਦਰਖ਼ਾਸਤ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ, ਹਰਿਆਣਾ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੋਸ਼ ਲਗਾਇਆ ਕਿ ਸਮਾਗਮ ਤੋਂ ਬਾਅਦ ਜਦੋਂ ਉਹ ਵਾਪਸ ਹਰਿਆਣਾ ਵੱਲ ਜਾ ਰਹੇ ਸਨ ਤਾਂ ਰਾਹ ਵਿੱਚ ਦਾਦੂਵਾਲ ਵੱਲੋਂ ਰੈਕੀ ਕਰਵਾ ਕੇ ਹਮਲੇ ਦੀ ਯੋਜਨਾ ਬਣਾਈ ਗਈ ਅਤੇ ਦਾਦੂਵਾਲ ਨੇ ਆਪਣੇ ਅੰਗ ਰੱਖਿਅਕ ਨੂੰ ਉਨ੍ਹਾਂ ’ਤੇ ਗੋਲੀ ਚਲਾਉਣ ਲਈ ਉਕਸਾਇਆ ਪਰ ਉਸ ਦੇ ਸੁਰੱਖਿਆ ਗਾਰਡ ਨੇ ਅੱਗੇ ਆ ਕੇ ਉਸ ਦੀ ਜਾਨ ਬਚਾਈ ਹੈ।

Scroll to Top