ਪੰਜਾਬ ਦੇ ਸਰਕਾਰੀ ਸਕੂਲਾਂ ’ਚ ਗੈਸ ਦੀ ਕਿੱਲਤ ਕਾਰਨ ‘ਮਿੱਡ-ਡੇਅ ਮੀਲ’ ਦੇ ਚੁੱਲ੍ਹੇ ਠੰਢੇ ਹੋਣ ਲੱਗੇ ਹਨ। ਸਰਕਾਰੀ ਸਕੂਲਾਂ ’ਚ ਰਸੋਈ ਗੈਸ ਦੀ ਸਮੱਸਿਆ ਆ ਰਹੀ ਹੈ। ਆਉਂਦੇ ਦਿਨਾਂ ਵਿੱਚ ਗੈਸ ਸੰਕਟ ਦਾ ਨਿਵਾਰਨ ਨਾ ਹੋਇਆ ਤਾਂ ਮਿੱਡ-ਡੇਅ ਮੀਲ ਵਿੱਚ ਭੋਜਨ ਪੱਕਣਾ ਬੰਦ ਹੋ ਸਕਦਾ ਹੈ। ਪਤਾ ਲੱਗਿਆ ਹੈ ਕਿ ਸਕੂਲਾਂ ਦੇ ਮੁਖੀ ਆਪਣੇ ਪੱਧਰ ’ਤੇ ਇਧਰੋਂ-ਉਧਰੋਂ ਸਿਲੰਡਰਾਂ ਦਾ ਪ੍ਰਬੰਧ ਕਰ ਰਹੇ ਹਨ। ਵੱਡੇ ਸਕੂਲਾਂ ’ਚ ਗੈਸ ਦੀ ਖ਼ਪਤ ਵੀ ਜ਼ਿਆਦਾ ਹੈ, ਉਨ੍ਹਾਂ ਦੇ ਸਿਲੰਡਰ ਮੁੱਕਣ ਲੱਗੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕਰੀਬ 19,601 ਸਰਕਾਰੀ ਸਕੂਲਾਂ ਵਿੱਚ ਪੀ ਐੱਮ ਪੋਸ਼ਣ (ਮਿੱਡ-ਡੇਅ ਮੀਲ) ਸਕੀਮ ਚੱਲ ਰਹੀ ਹੈ। ਇਸ ਤਹਿਤ ਕਰੀਬ 16 ਲੱਖ ਤੋਂ ਵੱਧ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ। ਇਸ ਸਕੀਮ ’ਤੇ ਕਰੀਬ ਸਾਲਾਨਾ ਬਜਟ ਵੀ ਪੰਜ ਸੌ ਕਰੋੜ ਦੇ ਆਸ-ਪਾਸ ਬਣਦਾ ਹੈ। ਪੀ ਐੱਮ ਪੋਸ਼ਣ ਸਕੀਮ ਤਹਿਤ ਕੇ ਜੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦਿੱਤਾ ਜਾਂਦਾ ਹੈ। ਹੁਣ ਜਦੋਂ ਤੋਂ ਗੈਸ ਦਾ ਸੰਕਟ ਬਣਿਆ ਹੈ, ਉਦੋਂ ਤੋਂ ਸਕੂਲ ਮੁਖੀ ਮੁੱਖ ਦਫ਼ਤਰ ਫੋਨ ਖੜਕਾ ਰਹੇ ਹਨ। ਪੰਜਾਬ ਸਟੇਟ ਮਿੱਡ-ਡੇਅ ਮੀਲ ਸੁਸਾਇਟੀ ਨੇ 16 ਮਾਰਚ ਨੂੰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਵੀ ਜਾਰੀ ਕੀਤਾ ਹੈ। ਇਸ ’ਚ ਲਿਖਿਆ ਹੈ ਕਿ ਜੇ ਸਰਕਾਰੀ ਸਕੂਲਾਂ ’ਚ ਦੁਪਹਿਰ ਦਾ ਭੋਜਨ ਬਣਾਉਣ ਲਈ ਗੈਸ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਦਾ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ। ਪੱਤਰ ਅਨੁਸਾਰ ਸਕੂਲਾਂ ’ਚ ਜ਼ਿਆਦਾਤਰ ਦੁਪਹਿਰ ਦਾ ਭੋਜਨ ਰਸੋਈ ਗੈਸ ਨਾਲ ਹੀ ਬਣਾਇਆ ਜਾ ਰਿਹਾ ਹੈ। ਮੌਜੂਦਾ ਸਮੱਸਿਆ ਕਾਰਨ ਤਕਰੀਬਨ ਸਾਰੇ ਸਕੂਲਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਵੀ ਸਕੂਲ ਮੁਖੀਆਂ ਦੇ ਫੋਨ ਆ ਰਹੇ ਹਨ। ਚੇਤੇ ਰਹੇ ਕਿ ਪ੍ਰਾਈਵੇਟ ਸਮਾਗਮ ਤਾਂ ਪਹਿਲਾਂ ਹੀ ਗੈਸ ਦੀ ਕਿੱਲਤ ਕਾਰਨ ਪ੍ਰਭਾਵਿਤ ਹੋ ਰਹੇ ਸਨ ਅਤੇ ਹੁਣ ਸਰਕਾਰੀ ਸਕੂਲਾਂ ’ਚ ਦੁਪਹਿਰ ਦੇ ਭੋਜਨ ’ਤੇ ਵੀ ਗੈਸ ਸੰਕਟ ਦਾ ਅਸਰ ਪੈਣ ਲੱਗਿਆ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਨੇ ਆਖਿਆ ਹੈ ਕਿ ਸ਼ਹਿਰੀ ਸਕੂਲਾਂ ਦੀ ਨਿਰਭਰਤਾ ਜ਼ਿਆਦਾ ਰਸੋਈ ਗੈਸ ’ਤੇ ਹੈ ਜਿਸ ਕਰ ਕੇ ਸ਼ਹਿਰੀ ਸਕੂਲਾਂ ’ਚ ਸਮੱਸਿਆ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਲਈ ਸਰਕਾਰ ਵੱਲੋਂ ਭੇਜੀ ਜਾਂਦੀ ਗਰਾਂਟ ਵੀ ਢੁੱਕਵੀਂ ਨਹੀਂ ਹੁੰਦੀ।
