ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਧਨੇਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਬਰਨਾਲਾ ਵਿੱਚ ਸੂਬਾ ਪੱਧਰੀ ‘ਸਾਮਰਾਜ ਵਿਰੋਧੀ ਕਾਨਫਰੰਸ’ ਕਰਨ ਦਾ ਐਲਾਨ ਕੀਤਾ ਹੈ। ਇਸ ਕਾਨਫਰੰਸ ਵਿੱਚ ਇਨ੍ਹਾਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਡੈਮੋਕਰੈਟਿਕ ਟੀਚਰ ਫਰੰਟ, ਡੈਮੋਕਰੈਟਿਕ ਮੁਲਾਜ਼ਮ ਫਰੰਟ ਅਤੇ ਸਰਕਾਰੀ ਆਈ ਟੀ ਆਈ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਸਮੇਤ ਵੱਖ-ਵੱਖ ਜਨਤਕ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ। ਇਸ ਸਬੰਧੀ ਸਥਾਨਕ ਤਰਕਸ਼ੀਲ ਭਵਨ ਵਿੱਚ ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਬੀ ਕੇ ਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀ ਕੇ ਯੂ ਡਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਬੁੱਟਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਕਾਨਫਰੰਸ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਅਤੇ ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ ਤੇ ਟਰੇਡ ਯੂਨੀਅਨਾਂ ਵੱਲੋਂ 23 ਮਾਰਚ ਦੇ ਦਿਹਾੜੇ ਨੂੰ ‘ਸਾਮਰਾਜ ਵਿਰੋਧੀ ਦਿਨ’ ਵਜੋਂ ਮਨਾਉਣ ਦੇ ਫੈਸਲੇ ਤਹਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਸ਼ਹੀਦਾਂ ਨੇ ਦੇਸ਼ ਵਿੱਚ ਹਰ ਕਿਸਮ ਦੀ ਲੁੱਟ ਤੇ ਜਬਰ ਮੁਕਤ ਨਿਜ਼ਾਮ ਸਿਰਜਣ ਲਈ ਕੁਰਬਾਨੀਆਂ ਦਿੱਤੀਆਂ ਸਨ, ਪਰ ਅੱਜ ਕੇਂਦਰ ਸਰਕਾਰ ਨੇ ਸਾਮਰਾਜੀ ਤਾਕਤਾਂ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਲੁੱਟ ਤੇਜ਼ ਕਰਨ ਲਈ ਨਵੇਂ ਕਾਨੂੰਨ ਘੜੇ ਜਾ ਰਹੇ ਹਨ। ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨਾਲ ਖੇਤੀ ਤੇ ਸਨਅਤ ਦਾ ਉਜਾੜਾ ਹੋਵੇਗਾ ਅਤੇ ਦੇਸ਼ ਵਿੱਚ ਗਰੀਬੀ, ਭੁੱਖਮਰੀ ਤੇ ਖੁਦਕੁਸ਼ੀਆਂ ਦਾ ਵਰਤਾਰਾ ਵਧੇਗਾ। ਖੇਤੀ ’ਤੇ ਕਾਰਪੋਰੇਟ ਕਬਜ਼ਾ ਕਰਵਾਉਣ ਲਈ ਬੀਜ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ, ਚਾਰ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ, ਮਗਨਰੇਗਾ ਦਾ ਭੋਗ ਪਾਇਆ ਜਾ ਰਿਹਾ ਹੈ ਅਤੇ ਨਵੀਂ ਸਿੱਖਿਆ ਨੀਤੀ ਥੋਪੀ ਜਾ ਰਹੀ ਹੈ। ਉਨ੍ਹਾਂ ਸ਼ਹੀਦਾਂ ਦੀ ਸੋਚ ਅੱਗੇ ਵਧਾਉਣ ਲਈ ਬਰਨਾਲਾ ਕਾਨਫਰੰਸ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਮੀਟਿੰਗ ਦੌਰਾਨ ਜਥੇਬੰਦੀਆਂ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਮੜ੍ਹੀ ਗਈ ਨਿਹੱਕੀ ਜੰਗ ਦੀ ਸਖ਼ਤ ਨਿਖੇਧੀ ਕਰਦਿਆਂ ਜੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਲਖਵੀਰ ਸਿੰਘ ਲੌਂਗੋਵਾਲ, ਜ਼ੋਰਾ ਸਿੰਘ ਨਸਰਾਲੀ, ਗੁਰਮੀਤ ਸਿੰਘ ਸੁਖਪੁਰਾ, ਜਸਵਿੰਦਰ ਸਿੰਘ, ਰਾਜੀਵ ਕੁਮਾਰ ਬਰਨਾਲਾ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ ਅਤੇ ਪਵਿੱਤਰ ਲਾਲੀ ਆਦਿ ਆਗੂ ਮੌਜੂਦ ਸਨ।
