ਅਕਾਲੀ ਦਲ ਦੀ ਯਾਤਰਾ ‘ਪੰਜਾਬ ਬਚਾਓ’ ਨਹੀਂ ‘ਪਰਿਵਾਰ ਬਚਾਓ’: ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਦੇ ਦਹਾਕਿਆਂ ਦੇ ਸ਼ਾਸਨ ਨੇ ਜਾਣ-ਬੁੱਝ ਕੇ ਪੰਜਾਬ ਦੇ ਬੱਚਿਆਂ ਨੂੰ ਅਨਪੜ੍ਹ ਰੱਖਿਆ, ਜਦੋਂ ਕਿ ਵੱਡੇ ਸਿਆਸੀ ਪਰਿਵਾਰਾਂ ਦੇ ਕਾਕੇ ਵਿਦੇਸ਼ਾਂ ਦੀਆਂ ਮਹਿੰਗੀਆਂ ਯੂਨੀਵਰਸਿਟੀਆਂ ’ਚੋਂ ਪੜ੍ਹਾਈਆਂ ਕਰਦੇ ਰਹੇ। ਇਨ੍ਹਾਂ ਪਾਰਟੀਆਂ ਨੂੰ ਕਦੇ ਵੀ ਲੋਕਾਂ ਦੀ ਤਰੱਕੀ ਦੀ ਚਿੰਤਾ ਨਹੀਂ ਸੀ, ਸਗੋਂ ਸਿਰਫ਼ ਆਪਣੇ ਧੀਆਂ-ਪੁੱਤਰਾਂ ਅਤੇ ਰਿਸ਼ਤੇਦਾਰਾਂ ਲਈ ਸੱਤਾ ਹਾਸਲ ਕਰਨ ਦੀ ਚਿੰਤਾ ਸੀ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਸਾਹਨੇਵਾਲੀ ਵਿਖੇ ਸਰਕਾਰੀ ਆਈ ਟੀ ਆਈ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਝੁਨੀਰ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਡਾਇਨਾਸੋਰ ਹੈ, ਜਿਸ ਨੇ ਸੂਬੇ ਅਤੇ ਇਸ ਦੇ ਵਾਸੀਆਂ ਦੀ ਕਮਾਈ ਹੜੱਪ ਲਈ, ਜਿੱਥੇ ‘ਆਪ’ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਡਾਕਟਰ ਅਤੇ ਇੰਜਨੀਅਰ ਬਣਾ ਕੇ ਭਵਿੱਖ ਲਈ ਤਿਆਰ ਕਰਨ ਦੇ ਯਤਨ ਕਰ ਰਹੀ ਹੈ, ਉੱਥੇ ਅਕਾਲੀ ਦਲ ਸੂਬੇ ਦੇ ਨੌਜਵਾਨਾਂ ਨੂੰ ਹੁਣ ਡਾਇਨਾਸੋਰ ਯੁੱਗ ਵਿੱਚ ਵਾਪਸ ਖਿੱਚਣ ’ਤੇ ਤੁਲਿਆ ਹੋਇਆ ਹੈ। ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ’ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਇਸ ਚਾਲ ਦਾ ਅਸਲੀ ਨਾਮ ‘ਪਰਿਵਾਰ ਬਚਾਓ ਯਾਤਰਾ’ ਹੈ। ਉਹ ਅਕਾਲੀ ਆਗੂਆਂ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਇਹ ਦੱਸਣ ਕਿ 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਉਹ ਸੂਬੇ ਨੂੰ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਜਦੋਂ ਸਮੁੱਚੀ ਕਿਸਾਨੀ ਆਪਣੇ ਹੱਕਾਂ ਲਈ ਲੜ ਰਹੀ ਸੀ ਤਾਂ ਬਾਦਲ ਪਰਿਵਾਰ ਨੇ ਕੇਂਦਰੀ ਮੰਤਰੀ ਮੰਡਲ ’ਚ ਕੁਰਸੀ ਬਚਾਉਣ ਖ਼ਾਤਰ ਕਾਲੇ ਖੇਤੀ ਕਾਨੂੰਨਾਂ ’ਤੇ ਮੋਦੀ ਸਰਕਾਰ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਤਰੱਕੀ ਦੀ ਕੁੰਜੀ ਹੈ ਅਤੇ ‘ਆਪ’ ਸਰਕਾਰ ਨੇ ਇਸ ਖੇਤਰ ਦੇ ਵਿਕਾਸ ’ਤੇ ਜ਼ੋਰ ਦਿੱਤਾ ਹੈ। ਇਸ ਮੌਕੇ ਮਨੀਸ਼ ਸਿਸੋਦੀਆ, ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਵਡਿਆਈ ਕੀਤੀ। ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੀ ਮੌਜੂਦ ਸਨ।

Scroll to Top