ਸਰਕਾਰ ਆਉਣ ’ਤੇ ਕਬੱਡੀ ਕੱਪ ਮੁੜ ਸ਼ੁਰੂ ਕਰਾਂਗੇ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਉੱਤੇ ਵਿਸ਼ਵ ਕਬੱਡੀ ਕੱਪ ਮੁੜ ਆਰੰਭ ਕਰਾਇਆ ਜਾਵੇਗਾ। ਉਹ ਅੱਜ ਦੇਰ ਸ਼ਾਮ ਨਜ਼ਦੀਕੀ ਪਿੰਡ ਬੱਲੋਮਾਜਰਾ ’ਚ ਸੁਖਵਿੰਦਰ ਸਿੰਘ ਛਿੰਦੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਰਾਏ ਕਬੱਡੀ ਕੱਪ ਮੌਕੇ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਬਾਦਲ ਨੇ ਆਖਿਆ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਸਮੇਂ ਲੜਕੇ ਅਤੇ ਲੜਕੀਆਂ ਦੀ ਕਬੱਡੀ ਦੇ ਵਿਸ਼ਵ ਕੱਪ ਕਰਵਾਏ ਗਏ ਸਨ। ਇਸ ਨਾਲ ਜਿੱਥੇ ਕਰੋੜਾਂ ਦੇ ਇਨਾਮ ਦਿੱਤੇ ਗਏ, ਉੱਥੇ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਸਨਮਾਨ ਵੀ ਮਿਲਿਆ। ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਸਨ। ਅਕਾਲੀ ਸਰਕਾਰ ਬਦਲਣ ਤੋਂ ਬਾਅਦ 10 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਕਬੱਡੀ ਵੱਲ ਕੋਈ ਤਵੱਜੋਂ ਨਹੀਂ ਦਿੱਤੀ। ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਉਪਰੰਤ ਜਿੱਥੇ ਕਬੱਡੀ ਦੇ ਵਿਸ਼ਵ ਕੱਪ ਸ਼ੁਰੂ ਕੀਤੇ ਜਾਣਗੇ, ਉੱਥੇ ਨਾਲ ਦੀ ਨਾਲ ਮਾਰਵਾੜੀ ਘੋੜਿਆਂ, ਤੇ ਕੁੱਤਿਆਂ ਦੀਆਂ ਦੌੜਾਂ ਦੇ ਵੀ ਕਰੋੜਾਂ ਦੇ ਇਨਾਮ ਵਾਲੇ ਮੁਕਾਬਲੇ ਕਰਵਾਏ ਜਾਣਗੇ। ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁਹਾਲੀ ਖੇਤਰ ਦਾ ਵੱਡਾ ਵਿਕਾਸ ਹੋਇਆ ਸੀ। ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਦਿੱਲੀ ਵਾਲੇ ਲੋਕਾਂ ਦੀ ਸੇਵਾ ਦੀ ਥਾਂ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲਈ ਆਉਂਦੇ ਹਨ। ਇਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਤੇਜਿੰਦਰ ਸਿੰਘ ਮਿੱਡੂ ਖੇੜਾ, ਬਲਜੀਤ ਸਿੰਘ ਭੁੱਟਾ, ਰਵਿੰਦਰ ਸਿੰਘ ਖੇੜਾਤੇ ਹੋਰ ਆਗੂ ਹਾਜ਼ਰ ਸਨ।

Scroll to Top