ਲਾਹੌਰ ਦੇ ਇਕ ਕਾਲਜ ਦੇ ਗੁਰਦੁਆਰੇ ’ਚ 80 ਸਾਲ ਬਾਅਦ ਅਰਦਾਸ

ਪਾਕਿਸਤਾਨ ਦੇ ਲਾਹੌਰ ਸਥਿਤ ਐਚੀਸਨ ਕਾਲਜ ਦੇ ਗੁਰਦੁਆਰੇ ਵਿੱਚ ਤਕਰੀਬਨ 80 ਸਾਲਾਂ ਬਾਅਦ ਅਰਦਾਸ ਕੀਤੀ ਗਈ। 1947 ਤੋਂ ਬਾਅਦ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਇਹ ਗੁਰਦੁਆਰਾ ਬੰਦ ਪਿਆ ਸੀ, ਪਰ ਕਾਲਜ ਵੱਲੋਂ ਇਸ ਦੀ ਲਗਾਤਾਰ ਸਾਂਭ-ਸੰਭਾਲ ਕੀਤੀ ਜਾ ਰਹੀ ਸੀ। ਐਚੀਸਨ ਕਾਲਜ ਦੇ ਆਨਰੇਰੀ ਦੂਤ ਡਾ. ਤਰੁਣਜੀਤ ਸਿੰਘ ਬੁਟਾਲੀਆ ਨੇ ਦੱਸਿਆ, ‘‘ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਸਥਿਤ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ’ਚ ਅਰਦਾਸ ਕਰਵਾਈ ਗਈ।’’ ਡਾ. ਬੁਟਾਲੀਆ ਨੇ ਦੱਸਿਆ ਕਿ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਹਿੱਸੇ ਵਜੋਂ ਗੁਰਦੁਆਰੇ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਲਗਭਗ 100 ਲੋਕਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਅੱਗੇ ਕਿਹਾ, ‘‘ਮੇਰੇ ਲਈ ਉਸੇ ਸਥਾਨ ’ਤੇ ਅਰਦਾਸ ਕਰਨਾ ਬਹੁਤ ਯਾਦਗਾਰੀ ਪਲ ਸੀ ਜਿੱਥੇ ਮੇਰੇ ਪਿਤਾ, ਦਾਦਾ ਅਤੇ ਪੜਦਾਦਾ ਵੰਡ ਤੋਂ ਪਹਿਲਾਂ ਐਚੀਸਨ ਕਾਲਜ ਦੇ ਵਿਦਿਆਰਥੀ ਹੁੰਦਿਆਂ ਹਰ ਸ਼ਾਮ ਅਰਦਾਸ ਕਰਦੇ ਹੁੰਦੇ ਸਨ।’’ ਉਨ੍ਹਾਂ ਕਾਲਜ ਦੀ 140ਵੀਂ ਵਰ੍ਹੇਗੰਢ ਸਬੰਧੀ ਇਹ ਸਮਾਗਮ ਕਰਵਾਉਣ ਵਿੱਚ ਕਾਲਜ ਦੀ ਮਦਦ ਵੀ ਕੀਤੀ। ਐਚੀਸਨ ਕਾਲਜ ਦੇ ਪ੍ਰਿੰਸੀਪਲ ਤੁਰਾਬ ਹੁਸੈਨ ਨੇ ਕਿਹਾ ਕਿ 1947 ਤੋਂ ਬਾਅਦ ਕਾਲਜ ਦੇ ਗੁਰਦੁਆਰੇ ਵਿੱਚ ਹੋਈ ਅਰਦਾਸ ਸਭਾ 140ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਲਈ ਅਧਿਆਤਮਕ ਪਲ ਸੀ ਅਤੇ ਉਹ ਭਵਿੱਖ ਵਿੱਚ ਅਜਿਹੇ ਹੋਰ ਮੌਕਿਆਂ ਦੀ ਉਮੀਦ ਕਰਦੇ ਹਨ ਤਾਂ ਜੋ ਫਿਰਕੂ ਸਦਭਾਵਨਾ, ਆਪਸੀ ਸਮਝ ਅਤੇ ਸਤਿਕਾਰ ਨੂੰ ਹੁਲਾਰਾ ਮਿਲ ਸਕੇ। ਐਚੀਸਨ ਕਾਲਜ ਦਾ ਨੀਂਹ ਪੱਥਰ 3 ਨਵੰਬਰ 1886 ਨੂੰ ਅਣਵੰਡੇ ਪੰਜਾਬ ਦੇ ਸ਼ਾਹੀ ਅਤੇ ਮੁੱਖ ਪਰਿਵਾਰਾਂ ਨੂੰ ਸਿੱਖਿਆ ਮੁਹੱਈਆ ਕਰਨ ਵਾਲੀ ਸੰਸਥਾ ਵਜੋਂ ਰੱਖਿਆ ਗਿਆ ਸੀ। ਇਸ ਦੇ ਗੁਰਦੁਆਰੇ ਦਾ ਡਿਜ਼ਾਈਨ ਲਾਹੌਰ ਦੇ ਉਸ ਸਮੇਂ ਦੇ ਮੇਓ ਸਕੂਲ ਆਫ ਆਰਟਸ (ਹੁਣ ਨੈਸ਼ਨਲ ਕਾਲਜ ਆਫ ਆਰਟਸ) ਦੇ ਮਸ਼ਹੂਰ ਸਿੱਖ ਆਰਕੀਟੈਕਟ ਰਾਮ ਸਿੰਘ ਨੇ ਤਿਆਰ ਕੀਤਾ ਸੀ ਅਤੇ ਇਸ ਦਾ ਨੀਂਹ ਪੱਥਰ 1910 ਵਿੱਚ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਰੱਖਿਆ ਸੀ, ਜੋ ਖੁਦ ਵੀ 1904 ਤੋਂ 1908 ਤੱਕ ਇਸ ਕਾਲਜ ਦੇ ਵਿਦਿਆਰਥੀ ਰਹੇ ਸਨ।

Scroll to Top