ਹਰਚਰਨ ਸਿੰਘ, ਜੋ ਪਾਕਿਸਤਾਨੀ ਥਲ ਸੈਨਾ ਵਿੱਚ ਜਗ੍ਹਾ ਬਣਾ ਕੇ ਇਤਿਹਾਸ ਸਿਰਜਣ ਵਾਲਾ ਪਹਿਲਾ ਪਾਕਿਸਤਾਨੀ ਸਿੱਖ ਬਣਿਆ ਸੀ, ਨੇ ਹੁਣ ਇੱਕ ਹੋਰ ਪ੍ਰਾਪਤੀ ਆਪਣੇ ਨਾਮ ਕਰ ਲਈ ਹੈ। ਉਹ ਲੈਫ਼ਟੀਨੈਂਟ ਕਰਨਲ ਦਾ ਰੈਂਕ ਹਾਸਲ ਕਰਨ ਵਾਲਾ ਪਹਿਲਾ ਸਿੱਖ ਬਣ ਗਿਆ ਹੈ। ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 1987 ਵਿੱਚ ਜੰਮੇ ਤੇ ਹੁਣ ਲੈਫਟੀਨੈਂਟ ਕਰਨਲ ਦੇ ਅਹੁਦੇ ’ਤੇ ਪਹੁੰਚ ਚੁੱਕੇ ਹਰਚਰਨ ਸਿੰਘ ਦਾ ਪਾਲਣ-ਪੋਸ਼ਣ ਸਿੱਖ ਸਿਧਾਂਤਾਂ, ਰਹਿਤ ਮਰਿਆਦਾ ਅਤੇ ਅਨੁਸ਼ਾਸਨ ਵਾਲੇ ਮਾਹੌਲ ਵਿੱਚ ਹੋਇਆ ਸੀ। ਉਸ ਦੀ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਨੂੰ 2025 ਦੇ ਅਖੀਰ ਵਿੱਚ ਕਰਵਾਏ ਸਖ਼ਤ ਸਿਲੈਕਸ਼ਨ ਬੋਰਡ ਮੁਲਾਂਕਣ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਸੀ। ਇਸ ਦੀ ਪੁਸ਼ਟੀ ਕਰਦਿਆਂ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਹਾਲਾਂਕਿ, ਪਾਕਿਸਤਾਨੀ ਫੌਜ ਵਿੱਚ ਕਈ ਈਸਾਈਆਂ ਨੇ ਸੇਵਾ ਨਿਭਾਈ ਹੈ ਪਰ ਅੱਜ ਤੱਕ ਕੋਈ ਵੀ ਹਿੰਦੂ ਜਾਂ ਸਿੱਖ ਲੈਫਟੀਨੈਂਟ ਕਰਨਲ ਸਿੰਘ ਦੇ ਅਹੁਦੇ ਤੱਕ ਨਹੀਂ ਪਹੁੰਚ ਸਕਿਆ ਸੀ। ਲੈਫਟੀਨੈਂਟ ਕਰਨਲ ਹਰਚਰਨ ਸਿੰਘ 20 ਸਾਲ ਦੀ ਉਮਰ ਵਿੱਚ ਕੈਪਟਨ ਵਜੋਂ ਪਾਕਿਸਤਾਨੀ ਫੌਜ ’ਚ ਸ਼ਾਮਲ ਹੋਇਆ ਸੀ ਅਤੇ ਉਸ ਨੂੰ ਅਕਤੂਬਰ 2007 ਵਿੱਚ 116ਵੇਂ ਪੀ ਐੱਮ ਏ ਲੌਂਗ ਕੋਰਸ ਵਿੱਚ ਕਮਿਸ਼ਨ ਮਿਲਿਆ ਸੀ। ਮੌਜੂਦਾ ਸਮੇਂ ਉਹ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਦੇ ਹਜ਼ਾਰਾ ਡਿਵੀਜ਼ਨ ਦੇ ਸ਼ਹਿਰ ਐਬਟਾਬਾਦ ਵਿੱਚ ਤਾਇਨਾਤ ਹੈ।
