ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਬਾਦਲ ਨਾਲ ਸਮਝੌਤੇ ਤੋਂ ਇਨਕਾਰ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਸੁਖਬੀਰ ਸਿੰਘ ਬਾਦਲ ਨਾਲ ਕਦੇ ਵੀ ਸਮਝੌਤਾ ਨਾ ਕਰਨ ਦਾ ਐਲਾਨ ਕੀਤਾ ਹੈ। ਇਹ ਫੈ਼ਸਲਾ ਗੜ੍ਹਦੀਵਾਲਾ ਕਸਬੇ ਦੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਪਾਰਟੀ ਦੇ ਚਾਰ ਸਰਪ੍ਰਸਤਾਂ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਸੰਤ ਸਰਬਜੋਤ ਸਿੰਘ ਬੇਦੀ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਅਤੇ ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਲੀਡਰਸ਼ਿਪ ਹਾਜ਼ਰ ਹੋਈ। ਮੀਟਿੰਗ ’ਚ ਹੋਲੇ ਮਹੱਲੇ ’ਤੇ ਕਾਨਫਰੰਸ ਕਰਾਉਣ ਸਮੇਤ ਹੋਰ ਵਿਚਾਰਾਂ ਕੀਤੀਆਂ ਗਈਆਂ। ਪਾਰਟੀ ਦੀਆਂ ਗਤੀਵਿਧੀਆਂ ਨੂੰ ਅੱਗੇ ਤੋਰਨ ਲਈ ਪਾਰਟੀ ਪ੍ਰਧਾਨ ਨੂੰ ਅਧਿਕਾਰ ਦਿੱਤੇ ਗਏ। ਸਰਪ੍ਰਸਤਾਂ ਅਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਰਬਸੰਮਤੀ ਨਾਲ 5 ਮਤੇ ਪਾਸ ਕੀਤੇ ਗਏ। ਪਾਰਟੀ ਵਲੋਂ ਜਾਰੀ ਬਿਆਨ ਅਨੁਸਾਰ ਪਹਿਲੇ ਮਤੇ ਵਿੱਚ ਕਥਿਤ ਭਗੌੜੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਦੇ ਵੀ ਸਮਝੌਤਾ ਨਾ ਕਰਨ ਦਾ ਫੈ਼ਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਮਝੌਤੇ ਹਮੇਸ਼ਾ ਸਿਧਾਂਤਾਂ ਅਤੇ ਫਲਸਫਿਆਂ ਮੁਤਾਬਿਕ ਹੁੰਦੇ ਹਨ। 2 ਦਸੰਬਰ 2024 ਦੇ ਹੁਕਮਨਾਮੇ ਦੀ ਰੌਸ਼ਨੀ ਵਿੱਚ, ਅਕਾਲ ਤਖ਼ਤ ਦੀ ਫਸੀਲ ਤੋਂ ਹੋਏ ਹੁਕਮਨਾਮੇ ਮੁਤਾਬਕ ਉਸ ਤੋਂ ਸੁਖਬੀਰ ਸਿੰਘ ਬਾਦਲ ਮੁੱਕਰਿਆ ਹੀ ਨਹੀਂ, ਸਗੋਂ ਭੱਜਿਆ ਵੀ ਹੈ। ਦੂਜੇ ਮਤੇ ਅਨੁਸਾਰ ਮਾਰਚ ਵਿੱਚ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਕਾਨਫਰੰਸ ਕਰਕੇ ਅਕਾਲੀ ਦਲ ਦਾ ਵਿਧੀ ਵਿਧਾਨ ਜਾਰੀ ਕੀਤਾ ਜਾਵੇਗਾ। ਤੀਜੇ ਮਤੇ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਜਰਨਲ ਚੋਣਾਂ ਲਈ ਸਰਕਾਰਾਂ ਵਿਰੁੱਧ ਸੰਘਰਸ਼ ਆਰੰਭਿਆ ਜਾਵੇਗਾ ਅਤੇ ਸ਼੍ੋਮਣੀ ਕਮੇਟੀ ਵਿੱਚ ਨਿੱਤ ਹੋ ਰਹੇ ਕਥਿਤ ਘਪਲਿਆਂ ਸਬੰਧੀ ਸਰਗਰਮੀਆਂ ਕੀਤੀਆਂ ਜਾਣਗੀਆਂ। ਚੌਥੇ ਮਤੇ ਅਨੁਸਾਰ ਜ਼ਿਲ੍ਹਾ ਜਥੇਦਾਰਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਕੇ ਪ੍ਰੋਗਰਾਮ ਕੀਤੇ ਜਾਣਗੇ। ਪੰਜਵੇਂ ਮਤੇ ਅਨੁਸਾਰ ਮੀਟਿੰਗ ਵਿੱਚ ਇੱਕ ਵਿਅਕਤੀ ਇੱਕ ਅਹੁਦਾ ’ਤੇ ਮੋਹਰ ਲਗਾਈ ਗਈ ਅਤੇ ਕਿਹਾ ਕਿ ਜਿਸ ਕੋਲ ਇੱਕ ਤੋਂ ਵੱਧ ਅਹੁਦੇ ਹੋਣਗੇ, ਉਹ ਬਾਕੀ ਅਹੁਦਿਆਂ ਤੋਂ ਅਸਤੀਫਾ ਪ੍ਰਧਾਨ ਨੂੰ ਸੌਂਪ ਦੇਣਗੇ। ਮਤਿਆਂ ਨੂੰ ਹੋਲੇ ਮਹੱਲੇ ਦੇ ਸਮਾਗਮ ਤੋਂ ਪਹਿਲਾਂ ਅਮਲੀ ਰੂਪ ਦੇ ਕੇ ਸੰਗਤਾਂ ਦੇ ਇਕੱਠ ਵਿੱਚ ਐਲਾਨਣ ਦਾ ਵੀ ਫੈ਼ਸਲਾ ਕੀਤਾ ਗਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਗੋਬਿੰਦ ਸਿੰਘ ਲੌਂਗੋਵਾਲ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾ, ਪਰਮਿੰਦਰ ਢੀਂਡਸਾ, ਭਾਈ ਮਨਜੀਤ ਸਿੰਘ, ਸਰਵਨ ਸਿੰਘ ਫਿਲੌਰ, ਅਜੈਪਾਲ ਸਿੰਘ ਬਰਾੜ, ਰਣਜੀਤ ਸਿੰਘ ਸੱਜਲ, ਜਸਟਿਸ ਨਿਰਮਲ ਸਿੰਘ, ਹਰਜੀਤ ਕੌਰ ਤਲਵੰਡੀ, ਜਸਵੀਰ ਸਿੰਘ ਘੁੰਮਣ, ਰਘਵੀਰ ਸਿੰਘ ਰਾਜਾਸਾਂਸੀ, ਕਰਨੈਲ ਸਿੰਘ ਪੀਰਮੁਹੰਮਦ, ਮਨਜੀਤ ਸਿੰਘ ਦਸੂਹਾ, ਤੇਜਾ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਸੇਖੂਪੁਰ, ਅਜੈ ਪਾਲ ਸਿੰਘ ਮੀਰਾਕੋਟ, ਪ੍ਰੇਮਪਾਲ ਸਿੰਘ ਸਰਾਭਾ, ਗੁਰਜੀਤ ਸਿੰਘ ਤਲਵੰਡੀ, ਰਣਧੀਰ ਸਿੰਘ ਰੱਖੜਾ, ਮਨਿੰਦਰ ਸਿੰਘ ਧੰਨਾ, ਜਰਨੈਲ ਸਿੰਘ ਗੜਦੀਵਾਲਾ, ਹਰਬੰਸ ਸਿੰਘ ਮੰਝਪੁਰ, ਭਰਪੂਰ ਸਿੰਘ ਧਾਂਦਰਾ, ਬਾਬਾ ਹਰਦੀਪ ਸਿੰਘ, ਰਣਜੀਤ ਸਿੰਘ ਔਲਖ ਤੇ ਤਜਿੰਦਰ ਸਿੰਘ ਪੰਨੂ ਹਾਜ਼ਰ ਸਨ।

Scroll to Top