ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੰਮ੍ਰਿਤਧਾਰੀ ਸਿੱਖ ਪੁਲੀਸ ਅਫ਼ਸਰਾਂ ’ਤੇ ਆਧਾਰਤ ਹੀ ਬਣਾਈ ਜਾਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮਰਿਆਦਾ ਦੀ ਉਲੰਘਣਾ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅੰਮ੍ਰਿਤਧਾਰੀ ਸਿੱਖ ਅਫ਼ਸਰਾਂ ’ਤੇ ਆਧਾਰਤ ਹੀ ਹੋਵੇ। ਉਨ੍ਹਾਂ ਕਿਹਾ ਕਿ ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਕਾਰਨ ਸੰਗਤ ਦੇ ਮਨਾਂ ਵਿੱਚ ਦੁਵਿਧਾ ਪੈਦਾ ਹੋਈ ਹੈ। ਗੁਰੂ ਨਾਨਕ ਦੇਵ ਦੇ ਅਦਬ ਸਤਿਕਾਰ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਬਰਨਾਲਾ ਦੇ ਕਥਾਵਾਚਕ ਗੁਰਜੰਟ ਸਿੰਘ ਨੂੰ ਅੱਜ ਤਲਬ ਕੀਤਾ ਗਿਆ ਸੀ। ਇਸ ਸਬੰਧੀ ਜਥੇਦਾਰ ਗੜਗੱਜ ਨੇ ਕਿਹਾ ਕਿ ਭਾਵੇਂ ਗੁਰਜੰਟ ਸਿੰਘ ਨੇ ਅੱਜ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਹੈ, ਪਰ ਇਨ੍ਹਾਂ ਦਾ ਮਾਮਲਾ ਗੰਭੀਰ ਹੋਣ ਕਰ ਕੇ ਇਹ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਿਲਹਾਲ ਉਸ ਦੇ ਕਿਸੇ ਵੀ ਸਟੇਜ ਤੋਂ ਬੋਲਣ ਅਤੇ ਕੀਰਤਨ ਕਰਨ ’ਤੇ ਪਾਬੰਦੀ ਰਹੇਗੀ। ਉਹ ਕਿਸੇ ਵੀ ਸਿੱਖ ਧਾਰਮਿਕ ਸਟੇਜ ਉੱਤੇ ਨਹੀਂ ਬੈਠਣਗੇ। ਕੈਨੇਡਾ ਦੇ ਗੁਰਦੁਆਰਾ ਵਿਨੀਪੈੱਗ ਸਾਊਥ ਸਿੱਖ ਸੈਂਟਰ ਦੇ ਮਾਮਲੇ ਸਬੰਧੀ ਜਥੇਦਾਰ ਨੇ ਕਿਹਾ ਕਿ ਸੰਗਤ ਵੱਲੋਂ ਗੁਰਦੁਆਰੇ ਦੇ ਪ੍ਰਬੰਧਕਾਂ ਵਿਰੁੱਧ ਸ਼ਿਕਾਇਤਾਂ ਕੀਤੀਆਂ ਹਨ। ਇਸ ਸਬੰਧੀ ਅਕਾਲ ਤਖ਼ਤ ਤੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਵਾਰ-ਵਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਗੁਰਦੁਆਰਾ ਕਮੇਟੀ ਨੇ ਅਕਾਲ ਤਖ਼ਤ ’ਤੇ ਆਪਣਾ ਸਪੱਸ਼ਟੀਕਰਨ ਵੀ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਜੇ 10 ਦਿਨਾਂ ਦੇ ਵਿੱਚ-ਵਿੱਚ ਅਕਾਲ ਤਖ਼ਤ ’ਤੇ ਨਿੱਜੀ ਤੌਰ ਉੱਤੇ ਪੇਸ਼ ਹੋ ਕੇ ਪੱਖ ਨਾ ਰੱਖਿਆ ਤਾਂ ਪ੍ਰਬੰਧਕਾਂ ਖ਼ਿਲਾਫ਼ ਪੰਥਕ ਭਾਵਨਾਵਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਨੇ ਕਿਹਾ ਕਿ ਆਨੰਦਪੁਰ ਸਾਹਿਬ ਵਿੱਚ ਮਨਾਏ ਜਾ ਰਹੇ ਹੋਲਾ-ਮਹੱਲਾ ਦੌਰਾਨ ਇੱਕ-ਦੂਜੇ ’ਤੇ ਰੰਗ ਸੁੱਟਣ ਉੱਤੇ ਪੂਰਨ ਰੂਪ ਵਿੱਚ ਪਾਬੰਦੀ ਹੈ। ਬੀਤੇ ਦਿਨੀਂ ਸੱਚਖੰਡ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਸ਼ਰਧਾਲੂ ਵਜੋਂ ਆਏ ਦੋ ਜਣਿਆਂ ਨੂੰ ਪੁਲੀਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਨਾਂ ਧਿਆਨ ਵਿੱਚ ਲਿਆਏ ਚੁੱਕਣ ਦੇ ਮਾਮਲੇ ਸਬੰਧੀ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕੋਲੋਂ ਸਮੁੱਚੀ ਰਿਪੋਰਟ ਲਈ ਜਾਵੇਗੀ। ਚਮਕੌਰ ਸਾਹਿਬ ਦੇ ਖੇਤਰ ਵਿੱਚ ਲਾਈ ਜਾ ਰਹੀ ਪੇਪਰ ਮਿੱਲ ਸਬੰਧੀ ਜਥੇਦਾਰ ਨੇ ਕਿਹਾ ਕਿ ਫੈਕਟਰੀ ਲਾਉਣ ਲਈ ਕਰਵਾਏ ਸਰਵੇਖਣ ਵਿੱਚੋਂ ਇਲਾਕੇ ਦੇ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਨੂੰ ਮਨਫ਼ੀ ਕਰਨਾ ਇਤਰਾਜ਼ਯੋਗ ਹੈ।
