ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋ ਕੇ ਬੀਤੇ ਦਿਨੀਂ ਹੋਈ ਗਲਤੀ ਲਈ ਖਿਮਾ ਯਾਚਨਾ ਕੀਤੀ। ਇਹ ਮਾਮਲਾ ਹੁਣ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਇਸ ਮਾਮਲੇ ਸਬੰਧੀ ਸਿੱਖ ਆਗੂ ਕਰਨੈਲ ਸਿੰਘ ਪੀਰਮੁਹੰਮਦ ਸਮੇਤ ਹੋਰ ਕਈ ਵਿਅਕਤੀਆਂ ਵੱਲੋਂ ਅਕਾਲ ਤਖ਼ਤ ’ਤੇ ਸ਼ਿਕਾਇਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੋਬਿੰਦ ਸਿੰਘ ਦੇ ਵਿਆਹ ਵਿੱਚ ਉਸ ’ਤੇ ਛਤਰ ਝੁਲਾਇਆ ਗਿਆ ਸੀ ਅਤੇ ਚੌਰ ਕੀਤਾ ਗਿਆ ਸੀ, ਜਿਸ ਦੀ ਵੱਡੇ ਪੱਧਰ ’ਤੇ ਆਲੋਚਨਾ ਹੋਈ ਸੀ। ਇਸ ਸਬੰਧ ਵਿੱਚ ਅਕਾਲ ਤਖ਼ਤ ’ਤੇ ਵੀ ਸ਼ਿਕਾਇਤਾਂ ਪੁੱਜੀਆਂ ਸਨ। ਅੱਜ ਇਸ ਮਾਮਲੇ ’ਤੇ ਗੋਬਿੰਦ ਸਿੰਘ ਸੰਧੂ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਪੁੱਜਿਆ ਅਤੇ ਉਸ ਨੇ ਆਪਣੀ ਗਲਤੀ ਸਬੰਧੀ ਪੱਤਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ। ਇਸ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਗ਼ਲਤੀ ਦੀ ਜ਼ਿੰਮੇਵਾਰੀ ਲਈ ਸੀ ਅਤੇ ਖਿਮਾ ਯਾਚਨਾ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਸ਼ਹਿਜ਼ਾਦਪੁਰ ਰਿਆਸਤ ਦਾ ਵੰਸ਼ਜ ਹੈ, ਜਿੱਥੋਂ ਦੀ ਪਰੰਪਰਾ ਹੈ ਕਿ ਜੰਝ ਚੜ੍ਹਨ ਸਮੇਂ ਛਤਰ ਝੁਲਾਇਆ ਜਾਂਦਾ ਹੈ ਅਤੇ ਚੌਰ ਕੀਤਾ ਜਾਂਦਾ ਹੈ। ਉਸ ਦੇ ਵਿਆਹ ਸਮੇਂ ਕੀਤਾ ਗਿਆ ਇਹ ਕਾਰਜ ਵੀ ਉਸੇ ਪਰੰਪਰਾ ਦਾ ਹਿੱਸਾ ਸੀ। ਉਸ ਨੇ ਆਖਿਆ ਕਿ ਰਿਆਸਤਾਂ ਦਾ ਸਮਾਂ ਖਤਮ ਹੋਣ ਤੋਂ ਬਾਅਦ ਇਹ ਕਾਰਜ ਸਿਰਫ਼ ਗੁਰੂ ਗ੍ਰੰਥ ਸਾਹਿਬ ਲਈ ਰਾਖਵਾਂ ਹੈ। ਉਸ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਸ ਦੇ ਵਿਆਹ ਸਮਾਗਮ ਸਮੇਂ ਕੀਤੀ ਗਈ ਇਸ ਪਰੰਪਰਾ ਨੂੰ ਗੁਰੂ ਦੇ ਸਨਮਾਨ ਦੇ ਬਰਾਬਰ ਨਾ ਸਮਝਿਆ ਜਾਵੇ। ਉਸ ਨੇ ਹੋਈ ਇਸ ਗਲਤੀ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ ਅਤੇ ਖਿਮਾ ਯਾਚਨਾ ਕੀਤੀ।
