ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਕਿਸਾਨਾਂ, ਮਜ਼ਦੂਰਾਂ ਅਤੇ ਬਿਜਲੀ ਕਾਮਿਆਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢ ਕੇ ਰੋਸ ਵਿਖਾਵਾ ਕੀਤਾ ਗਿਆ ਹੈ। ਟਰੈਕਟਰ ਰੋਸ ਮਾਰਚ ਵਿੱਚ ਪਿੰਡ ਦਾਉਕੇ, ਨੇਸ਼ਟਾ, ਪਕਾ ਪਿੰਡ, ਰਾਜਾਤਾਲ, ਭੈਣੀ, ਭੋਰੋਪਾਲ, ਅਟਾਰੀ, ਮੁਹਾਵਾ, ਮੋਦੇ, ਧਨੋਏ ਕਲਾਂ ਦੇ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕਰਦਿਆਂ ਲੇਬਰ ਕਾਨੂੰਨ ਦੀਆਂ ਚਾਰ ਧਰਾਵਾਂ, ਮਨਰੇਗਾ ਦਾ ਪੁਰਾਣਾ ਸਰੂਪ ਬਹਾਲ ਕਰਨ ਅਤੇ ਬੀਜ ਬਿਲ ਵਾਪਿਸ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਕਰ ਕੇ ਰੋਸ ਮਾਰਚ ਕੱਢਿਆ। ਕਿਸਾਨਾਂ ਨੇ ਮੰਗ ਕੀਤੀ ਕਿ ਇਨ੍ਹਾਂ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਟਰੈਕਟਰ ਮਾਰਚ ਦੀ ਅਗਵਾਈ ਕਿਸਾਨ ਮੋਰਚੇ ਦੇ ਆਗੂਆਂ ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਗੁਰਦੇਵ ਸਿੰਘ ਮੁਹਾਵਾ, ਸ਼ਰਨਜੀਤ ਸਿੰਘ ਧਨੋਆ, ਗੁਰਪ੍ਰੀਤ ਰਾਜਾਤਾਲ, ਸੁਖ ਲਾਹੋਰੀਮਲ, ਬਾਬਾ ਅਰਜੁਨ ਸਿੰਘ, ਕਾਮਰੇਡ ਰਤਨ ਸਿੰਘ ਰੰਧਾਵਾ, ਕੁਲਜੀਤ ਸਿੰਘ ਸਾਬਕਾ ਡੀਐਸਪੀ, ਮਨਜੀਤ ਸਿੰਘ ਸਾਬਕਾ ਸਰਪੰਚ, ਮਨਿੰਦਰ ਸਿੰਘ ਨੇਸ਼ਟਾ ਤੇ ਬੂਟਾ ਸਿੰਘ ਰੋੜਾਵਾਲਾ ਨੇ ਕੀਤੀ। ਉਨ੍ਹਾਂ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕੀਤੀ ਕਿ ਸਾਰੇ ਕਾਨੂੰਨ ਲਾਗੂ ਨਹੀਂ ਕਰਨ ਦਿੱਤੇ ਜਾਣਗੇ ਅਤੇ ਸਾਰੇ ਪੰਜਾਬ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੀਤਾ ਗਿਆ, ਜੋ ਪਿੰਡਾਂ ਤੋ ਸ਼ੁਰੂ ਕਰ ਕੇ ਤਹਿਸੀਲ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਰਣਜੀਤ ਐਵਿਨਿਊ ਦੁਸਹਿਰਾ ਗਰਾਊਂਡ ਵਿਖੇ ਸਮਾਪਤ ਹੋਇਆ। ਮਾਰਚ ਵਿੱਚ ਸੈਂਕੜੇ ਕਿਸਾਨਾਂ ਟਰੈਕਟਰਾਂ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪ੍ਰਧਾਨ ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਚਾਰ ਕਿਰਤ ਕੋਡ ਮਜ਼ਦੂਰ ਵਿਰੋਧੀ ਹਨ। ਇਸ ਦੇ ਨਾਲ ਮਨਰੇਗਾ ਐਕਟ ਜੋ ਸਮਾਜ ਵਿੱਚ ਹਾਸ਼ੀਏ ’ਤੇ ਬੈਠੇ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਸੀ, ਉਸ ਦਾ ਨਾਮ ਹੀ ਨਹੀਂ ਪੂਰਾ ਐਕਟ ਹੀ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਰੇ ਮਹਿਕਮਿਆਂ ਦਾ ਨਿੱਜੀਕਰਨ ਅਤੇ ਕੇਂਦਰੀਕਰਨ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਜੇ ਬਿਜਲੀ ਐਕਟ ਲਾਗੂ ਹੁੰਦਾ ਹੈ ਤਾਂ ਬਿਜਲੀ ਦੀ ਸਪਲਾਈ ਪ੍ਰਾਈਵੇਟ ਕੰਪਨੀਆਂ ਕਰਨਗੀਆਂ ਤੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਇਸ ਤੋ ਇਲਾਵਾ ਬੀਜ ਬਿੱਲ 2025 ਅਤੇ ਕਰ ਮੁਕਤ ਵਪਾਰ ਸਮਝੌਤੇ ਵੀ ਖੇਤੀ ਖੇਤਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਵੱਡਾ ਅੰਦੋਲਨ ਕਾਰਪੋਰੇਟ ਪੱਖੀ ਸਰਕਾਰ ਖਿਲਾਫ ਹੋਵੇਗਾ। ਇਸ ਮੌਕੇ ਕੁਲਬੀਰ ਸਿੰਘ ਜੇਠੂਵਾਲ, ਸਤਨਾਮ ਸਿੰਘ ਭਕਨਾ, ਬਲਵੰਤ ਸਿੰਘ ਤਾਜੇਚੱਕ, ਅਜੀਤਪਾਲ ਤੇ ਰਾਣਾ ਫਤਹਿਗੜ ਸੁੱਕਰਚੱਕ, ਇੰਦਰਜੀਤ ਸਿੰਘ ਭਕਨਾ, ਲਖਵਿੰਦਰ ਮੂਧਲ, ਗਿਆਨ ਸਿੰਘ ਕੰਦੋਵਾਲੀ, ਪਰਗਟ ਜਹਾਂਗੀਰ, ਬਲਵਿੰਦਰ ਮੀਰਕੋਟ, ਨੂਕ ਸਿੰਘ ਪਠਾਨ ਨੰਗਲ, ਅਨਮੋਲ ਸਿੰਘ ਕੰਦੋਵਾਲੀ, ਬਲਦੇਵ ਸਿੰਘ ਮਾਛੀਨੰਗਲ, ਸੁਖਜਿੰਦਰ ਸਿੰਘ ਸਾਘਣਾ, ਨਿਰਵੈਰ ਸਿੰਘ ਪਠਾਨ ਨੰਗਲ, ਸੁਖਜਿੰਦਰ ਸਿੰਘ ਸਾਘਣਾ ਆਦਿ ਹਾਜ਼ਰ ਸਨ।
