ਪੱਤਰਕਾਰਾਂ ਖਿਲਾਫ ਦਰਜ ਮਾਮਲੇ ’ਚ ਡੀਸੀ ਦਫ਼ਤਰ ਅੱਗੇ ਧਰਨਾ

ਹੈਲੀਕਾਪਟਰ ਮਾਮਲੇ ਨਾਲ ਜੁੜੇ ਕੁੱਝ ਪੱਤਰਕਾਰਾਂ ਸਮੇਤ ਕੁੱਲ ਦਸ ਵਿਅਕਤੀਆਂ ’ਤੇ ਦਰਜ ਕੀਤੇ ਗਏ ਪੁਲੀਸ ਕੇਸ ਦੇ ਵਿਰੁੱਧ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਵੱਖ-ਵੱਖ ਪੱਤਰਕਾਰ ਸੰਗਠਨਾਂ, ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਸ਼ਾਮਲ ਹੋਏ। ਧਰਨੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਅਤੇ ਆਲੋਚਕ ਆਵਾਜ਼ਾਂ ’ਤੇ ਐੱਫਆਈਆਰ ਦਰਜ ਕਰਨਾ ਸਰਕਾਰ ਦੀ ਅਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ। ਬੁਲਾਰਿਆਂ ਦਾ ਦੋਸ਼ ਸੀ ਕਿ ਇਹ ਕਦਮ ਆਜ਼ਾਦ ਅਭਿਵਿਅਕਤੀ ਨੂੰ ਦਬਾਉਣ ਅਤੇ ਸਰਕਾਰ ਖ਼ਿਲਾਫ਼ ਉੱਠ ਰਹੀਆਂ ਸਵਾਲੀਆ ਆਵਾਜ਼ਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਆਖਿਆ ਕਿ ਅਜਿਹੀ ਕਾਰਵਾਈ ਜਮਹੂਰੀਅਤ ਦੇ ਮੂਲ ਸਿਧਾਂਤਾਂ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਦਰਜ ਕੀਤਾ ਗਿਆ ਪੁਲੀਸ ਕੇਸ ਬਿਨਾਂ ਕਿਸੇ ਸ਼ਰਤ ਦੇ ਰੱਦ ਨਾ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਰਾਜ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਗੌਰਤਲਬ ਹੈ ਕਿ ਲੰਘੀ 12 ਦਸੰਬਰ ਨੂੰ ਲੁਧਿਆਣਾ ਸਥਿਤ ਸਾਈਬਰ ਕਰਾਈਮ ਥਾਣੇ ਵਿੱਚ ਤਿੰਨ ਯੂ-ਟਿਊਬਰਾਂ, ਇੱਕ ਆਰਟੀਆਈ ਕਾਰਕੁਨ ਸਮੇਤ ਕੁੱਲ ਦਸ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਇਹ ਕੇਸ ਮੁੱਖ ਮੰਤਰੀ ਭਗਵੰਤ ਮਾਨ ਦੇ ਜਪਾਨ ਅਤੇ ਦੱਖਣੀ ਕੋਰੀਆ ਦੌਰੇ ਦੌਰਾਨ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਉੱਠੇ ਵਿਵਾਦ ਸਬੰਧੀ ਦਰਜ ਹੋਇਆ ਸੀ। ਵਿਵਾਦ ਮਗਰੋਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਨੇ ਸਪਸ਼ੱਟ ਕੀਤਾ ਸੀ ਕਿ ਹੈਲੀਕਾਪਟਰ ਦੀ ਵਰਤੋਂ ਸਿਰਫ ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਲਈ ਕੀਤੀ ਗਈ ਸੀ। ਧਰਨਾਕਾਰੀਆਂ ਵੱਲੋਂ ਸ਼ਹਿਰ ਭਰ ਵਿੱਚ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਹੈ।

2 thoughts on “ਪੱਤਰਕਾਰਾਂ ਖਿਲਾਫ ਦਰਜ ਮਾਮਲੇ ’ਚ ਡੀਸੀ ਦਫ਼ਤਰ ਅੱਗੇ ਧਰਨਾ”

  1. Pingback: suzuran168

  2. Pingback: รับจด อย

Comments are closed.

Scroll to Top