ਪਾਵਨ ਸਰੂਪਾਂ ਦੇ ਮੁੱਦੇ ’ਤੇ ਵਿਧਾਇਕ ਸੁੱਖੀ ਦਾ ਚੇਅਰਮੈਨੀ ਤੋਂ ਅਸਤੀਫ਼ਾ

ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮਿਲਿਆ ਕੈਬਨਿਟ ਰੈਂਕ ਵੀ ਅੱਜ ਛੱਡ ਦਿੱਤਾ ਹੈ। ਕਰੀਬ ਸਾਲ ਪਹਿਲਾਂ ‘ਆਪ’ ਸਰਕਾਰ ਨੇ ਡਾ. ਸੁੱਖੀ ਨੂੰ ਕੈਬਨਿਟ ਰੈਂਕ ਸਮੇਤ ਚੇਅਰਮੈਨੀ ਦਿੱਤੀ ਸੀ। ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਪੰਜਾਬ ਪੁਲੀਸ ਵੱਲੋਂ ਗੁੰਮ ਹੋਏ 328 ਸਰੂਪਾਂ ਦੀ ਜਾਂਚ ਦੌਰਾਨ 169 ਸਰੂਪ ਮਿਲਣ ਦੇ ਦਾਅਵੇ ਮਗਰੋਂ ਇਹ ਕਦਮ ਚੁੱਕਿਆ ਹੈ। ਉਨ੍ਹਾਂ 2022 ’ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਹਲਕਾ ਬੰਗਾ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਕੁਝ ਸਮਾਂ ਪਹਿਲਾਂ ‘ਆਪ’ ’ਚ ਸ਼ਾਮਲ ਹੋਏ ਸਨ। ਉਨ੍ਹਾਂ ਅੱਜ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਧਾਰਮਿਕ ਅਸਥਾਨ ’ਤੇ ਕਿਹਾ ਕਿ ਉਨ੍ਹਾਂ ਲਈ ਇਸ ਸਥਾਨ ਲਈ ਸਤਿਕਾਰ ਸਭ ਤੋਂ ਵੱਡਾ ਹੈ ਅਤੇ ਇਸ ਸਤਿਕਾਰ ਵਜੋਂ ਹੀ ਉਹ ਚੇਅਰਮੈਨੀ ਤੇ ਕੈਬਨਿਟ ਰੈਂਕ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ਉਹ ‘ਆਪ’ ਲੀਡਰਸ਼ਿਪ ਨੂੰ ਜ਼ਰੂਰ ਦੱਸਣਗੇ ਕਿ ਇਸ ਧਾਰਮਿਕ ਸਥਾਨ ’ਤੇ ਅਖੰਡ ਪਾਠ ਦੀ ਕੋਈ ਮਰਿਆਦਾ ਭੰਗ ਨਹੀਂ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਕਾਨਫਰੰਸ ਮੌਕੇ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਨਾਲ ਕਿਹਾ ਸੀ ਕਿ ਬੰਗਾ ਦੇ ਇਸ ਧਾਰਮਿਕ ਸਥਾਨ ਤੋਂ 169 ਸਰੂਪ ਮਿਲੇ ਹਨ ਜਿਨ੍ਹਾਂ ’ਚੋਂ ਬਹੁਤੇ ਸਰੂਪਾਂ ਦਾ ਕੋਈ ਰਿਕਾਰਡ ਨਹੀਂ ਮਿਲਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਉਸ ਵਕਤ ਹੀ ਇਹ ਦਾਅਵੇ ਕਰ ਦਿੱਤੇ ਸਨ ਅਤੇ ਸਰੂਪਾਂ ਬਾਰੇ ਵਿਸਥਾਰ ’ਚ ਖ਼ੁਲਾਸਾ ਕਰ ਦਿੱਤਾ ਸੀ। ਡਾ. ਸੁੱਖੀ ਨੇ ਵੀ ਉਦੋਂ ਹੀ ਸਰਕਾਰ ਦੇ ਦਾਅਵੇ ਰੱਦ ਕਰ ਦਿੱਤੇ ਸਨ। ਡਾ. ਸੁੱਖੀ ਨੇ ‘ਆਪ’ ’ਚ ਸ਼ਾਮਲ ਹੋਣ ਮਗਰੋਂ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਅਸਤੀਫ਼ਾ ਸੌਂਪਿਆ ਸੀ ਜੋ ਹਾਲੇ ਤੱਕ ਪ੍ਰਵਾਨ ਨਹੀਂ ਹੋਇਆ।

2 thoughts on “ਪਾਵਨ ਸਰੂਪਾਂ ਦੇ ਮੁੱਦੇ ’ਤੇ ਵਿਧਾਇਕ ਸੁੱਖੀ ਦਾ ਚੇਅਰਮੈਨੀ ਤੋਂ ਅਸਤੀਫ਼ਾ”

  1. Pingback: ปั้มไลค์

  2. Pingback: หนองใน

Comments are closed.

Scroll to Top