ਸਿੱਖ ਸੰਸਥਾਵਾਂ ਨੂੰ ਬਦਨਾਮ ਕਰ ਰਹੀ ਹੈ ਸਰਕਾਰ: ਖਡਿਆਲ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ, ਗੁਰੂ ਦੀ ਗੋਲਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਜ਼ਿਸ਼ ਤਹਿਤ ਬਦਨਾਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਿਰਜਿਆ ਜਾ ਰਿਹਾ ਬਿਰਤਾਂਤ ਆਉਣ ਵਾਲੇ ਸਮੇਂ ’ਚ ‘ਆਪ’ ਲਈ ਮੁਸੀਬਤ ਬਣੇਗਾ। ਇੱਥੇ ਪੂਨੀਆ ਟਾਵਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਖਡਿਆਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਤੇ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਸਿੱਖਾਂ ਨੂੰ ਲੜਾਉਣਾ ਚਾਹੁੰਦੀ ਹੈ। ਵਿਨਰਜੀਤ ਸਿੰਘ ਖਡਿਆਲ ਨੇ 328 ਪਾਵਨ ਸਰੂਪਾਂ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਬਣਾਈ ਸੰਤ ਈਸ਼ਰ ਸਿੰਘ ਕਮੇਟੀ ਨੇ ਆਪਣੀ ਰਿਪੋਰਟ ’ਚ ਸਪੱਸ਼ਟ ਕੀਤਾ ਸੀ ਕਿ ਇਹ ਸਰੂਪ ਚੋਰੀ ਨਹੀਂ ਹੋਏ ਸਗੋਂ ਕਲਰਕਾਂ ਨੇ ਪੈਸੇ ਦਾ ਗਬਨ ਕੀਤਾ ਸੀ। ਇਸ ਤੋਂ ਬਾਅਦ ਐੱਸ ਜੀ ਪੀ ਸੀ ਨੇ ਗਬਨ ਕਰਨ ਵਾਲੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਸੀ। ਉਨ੍ਹਾਂ ਕਿਹਾ ਕਿ ਐੱਸ ਜੀ ਪੀ ਸੀ ਅਤੇ ਗੁਰੂ ਘਰਾਂ ਦੇ ਬਜਟ ਖ਼ਿਲਾਫ਼ ਬੋਲਣ ਦੀ ਬਜਾਇ ਮੁੱਖ ਮੰਤਰੀ ਆਪਣੀ ਸਰਕਾਰ ਦੇ ਬਜਟ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ। ਉਨ੍ਹਾਂ ਸਵਾਲ ਉਠਾਇਆ ਕਿ 328 ਸਰੂਪਾਂ ਦੇ ਗਬਨ ਮਾਮਲੇ ਵਿੱਚ ਦਰਜ ਕੇਸ ਵਿੱਚ ‘ਆਪ’ ਦਾ ਆਗੂ ਜਸਪ੍ਰੀਤ ਸਿੰਘ ਵੀ ਨਾਮਜ਼ਦ ਹੈ ਜੋ ਸਰਕਾਰ ਨੇ ਚੇਅਰਮੈਨ ਲਗਾਇਆ ਹੈ, ਇਸ ਬਾਰੇ ਸਰਕਾਰ ਚੁੱਪ ਹੈ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਏਜੰਸੀਆਂ ਨੇ ਸਰਕਾਰ ਨੂੰ ਰਿਪੋਰਟ ਭੇਜੀ ਹੈ ਕਿ ਨਾਭਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਬਿਕਰਮਸਿੰਘ ਮਜੀਠੀਆ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸ੍ਰੀ ਮਜੀਠੀਆ ਦੀ ਸੁਰੱਖਿਆ ਯਕੀਨੀ ਬਣਾਏ।

Scroll to Top