ਸਿੱਖ ਜਥੇਬੰਦੀਆਂ ਦੇ ਆਗੂਆਂ ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ, ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ 328 ਪਾਵਨ ਸਰੂਪਾਂ ਦਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਸਲਾ ਨਹੀਂ ਸਗੋਂ ਇਹ ਪੰਥ ਦਾ ਕੌਮੀ ਮਸਲਾ ਹੈ। ਉਨ੍ਹਾਂ ਇਸ ਮਸਲੇ ’ਤੇ ਕੌਮੀ ਇਕੱਠ ਸੱਦਣ ਦੀ ਵਕਾਲਤ ਕੀਤੀ ਹੈ। ਪੱਤਰਕਾਰ ਸੰਮੇਲਨ ਦੌਰਾਨ ਸਿੱਖ ਆਗੂਆਂ ਨੇ ਕਿਹਾ ਕਿ 328 ਸਰੂਪਾਂ ਦਾ ਮਾਮਲਾ ਕਿਸੇ ਦਾ ਨਿੱਜੀ ਨਹੀਂ, ਨਾ ਕਿਸੇ ਪਰਿਵਾਰ ਦਾ, ਨਾ ਕਿਸੇ ਪਾਰਟੀ ਦਾ ਅਤੇ ਨਾ ਕਿਸੇ ਜਥੇਬੰਦੀ ਦਾ ਮਾਮਲਾ ਹੈ। ਇਹ ਮਾਮਲਾ ਸਮੁੱਚੇ ਖਾਲਸਾ ਪੰਥ ਨਾਲ ਸਬੰਧਤ ਹੈ। ਸਿੱਖ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਇਸ ਮਸਲੇ ’ਤੇ ਤੁਰੰਤ ਮੀਟਿੰਗ ਬੁਲਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ 328 ਪਾਵਨ ਸਰੂਪਾਂ ਦੇ ਮੁੱਦੇ ’ਤੇ ਅਹੁਦੇਦਾਰਾਂ ਨੂੰ ਬਚਾਉਣ ਦਾ ਲਗਾਤਾਰ ਯਤਨ ਕਰ ਰਹੀ ਹੈ ਪਰ ਖਾਲਸਾ ਪੰਥ ਤੇ ਇਸਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ।
