ਕੇਂਦਰ ਦੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ ਵਧੀ: ਪਾਸਲਾ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਸੁਤੰਤਰਤਾ ਸੰਗਰਾਮੀ ਤੇ ਕਿਸਾਨੀ ਘੋਲਾਂ ਦੇ ਨਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਟਪਿਆਲਾ ਦੇ ਖੇਡ ਮੈਦਾਨ ਵਿੱਚ ਸਿਆਸੀ ਕਾਨਫਰੰਸ ਕੀਤੀ। ਪ੍ਰਧਾਨਗੀ ਮੰਡਲ ਵਿੱਚ ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ, ਦੇਸਾਂ ਸਿੰਘ ਭਿੰਡੀ ਔਲਖ, ਸਤਵਿੰਦਰ ਸਿੰਘ ਉਠੀਆਂ, ਅਜੀਤ ਕੌਰ ਕੋਟ ਰਜ਼ਾਦਾ, ਅਮਰਜੀਤ ਸਿੰਘ ਭੀਲੋਵਾਲ, ਮਾਲਕ ਸਿੰਘ ਗੁਰਾਲਾ ਸ਼ਾਮਲ ਸਨ। ਇਸ ਮੌਕੇ ਇਕੱਠ ਨੂੰ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਲੀਪ ਸਿੰਘ ਟਪਿਆਲਾ, ਫ਼ੌਜਾ ਸਿੰਘ ਭੁੱਲਰ ਤੇ ਹਜਾਰਾ ਸਿੰਘ ਜੱਸੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੋਸ਼ ਲਾਇਆ ਕਿ ਅੱਜ ਦੇਸ਼ ਅੰਦਰ ਆਰ ਐੱਸ ਐੱਸ ਦੀ ਫਾਸ਼ੀ ਵਿਚਾਰਧਾਰਾ ’ਤੇ ਕੰਮ ਕਰਦਿਆਂ ਭਾਜਪਾ ਸਰਕਾਰ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਤੇ ਔਰਤਾਂ ’ਤੇ ਜ਼ੁਲਮ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਪੂੰਜੀਪਤੀ ਪੱਖੀ ਨੀਤੀਆਂ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ। ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਪੇਂਡੂ ਖੇਤਰ ’ਚ ਗ਼ਰੀਬਾਂ ਮਿਲਣ ਵਾਲਾ ਰੁਜ਼ਗਾਰ ਵੀ ਕੇਂਦਰ ਨੇ ਖੋਹ ਲਿਆ ਹੈ। ਆਰ ਐੱਮ ਪੀ ਆਈ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ ਤੇ ਪਾਰਟੀ ਸਕੱਤਰੇਤ ਮੈਂਬਰ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਲਿਆ ਕੇ ਜਨਤਕ ਅਦਾਰੇ ਨਿੱਜੀ ਹੱਥਾਂ ’ਚ ਸੌਂਪਣ ਜਾ ਰਹੀ ਹੈ। ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂਆਂ ਜੱਗਾ ਸਿੰਘ ਡੱਲਾ, ਸੁੱਚਾ ਸਿੰਘ ਘੋਗਾ ਤੇ ਗਾਇਕ ਗੁਰਪਾਲ ਗਿੱਲ ਸੈਦਪੁਰ ਨੇ ਸੰਬੋਧਨ ਕੀਤਾ।

Scroll to Top