ਸਨੌਰ ’ਚ ਬੇਅਦਬੀ ਦੀ ਘਟਨਾ ਨੂੰ ਪਾਠੀ ਸਿੰਘ ਨੇ ਹੀ ਦਿੱਤਾ ਸੀ ਅੰਜਾਮ

ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਵਿਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਵਿੱਤਰ ਅੰਗ/ਪੰਨਾ ਪਾੜ ਦਿੱਤਾ ਗਿਆ। ਉਂਜ ਇਸ ਮਸਲੇ ਨੂੰ ਪੁਲੀਸ ਵੱਲੋਂ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ ਜਿਸ ਦੌਰਾਨ ਬੇਅਦਬੀ ਦੀ ਇਸ ਘਟਨਾ ਨੂੰ ਪਾਠੀ ਸਿੰਘ ਵੱਲੋਂ ਹੀ ਅੰਜਾਮ ਦਿੱਤਾ ਪਾਇਆ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸਨੌਰ ਇਲਾਕੇ ਦੀ ਸੰਗਤ ਵੱਲੋਂ ਸਾਂਝੇ ਤੌਰ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ ਪਰ ਇਸ ਦੌਰਾਨ ਹੀ ਸਮਾਗਮ ਦੀ ਸਮਾਪਤੀ ਮਗਰੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਗ ਪਾੜਿਆ ਗਿਆ ਪਾਇਆ ਗਿਆ। ਅਸਲ ਵਿਚ ਮਹਾਰਾਜ ਦੇ ਸਰੂਪ ਦਾ ਸੁੱਖ ਆਸਨ ਕਰ ਦਿੱਤਾ ਗਿਆ ਸੀ। ਇਲਾਕੇ ਦੇ ਹੀ ਵਸਨੀਕ ਕਰਨਲ ਅਮਰੀਕ ਸਿੰਘ ਜਦੋਂ ਸਾਜ਼ੋ ਸਾਮਾਨ ਦੀ ਸਾਂਭ ਸੰਭਾਲ ਕਰ ਰਹੇ ਸਨ, ਤਾਂ ਇੱਕ ਚਾਦਰ ਹੇਠ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੰਗ ਦੇ ਟੁਕੜੇ ਕੀਤੇ ਪਏ ਮਿਲੇ। ਇਸ ਦੌਰਾਨ ਹੀ ਪੁਲੀਸ ਵੱਲੋਂ ਜਾਂਚ ਕਰਨ ‘ਤੇ ਇਹ ਬੇਅਦਬੀ ਇੱਥੇ ਇਹ ਸ੍ਰੀ ਅਖੰਡ ਪਾਠ ਸਾਹਿਬ ਕਰਨ ਵਾਲੇ ਇੱਕ ਪਾਠੀ ਸਿੰਘ ਵੱਲੋਂ ਕਰਨੀ ਪਾਈ ਗਈ। ਸੰਪਰਕ ਕਰਨ ‘ਤੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਥਾਣਾ ਸਨੌਰ ਦੇ ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਿਮਰਨਜੀਤ ਸਿੰਘ ਪਾਠੀ ਖਿਲਾਫ ਧਾਰਾ 298 ਤੇ 299 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Scroll to Top