ਪੰਜਾਬ ਦੀ ਸਾਬਕਾ ਮੰਤਰੀ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਐਕਸ ’ਤੇ ਕਿਹਾ ਹੈ ਕਿ ਪੰਜਾਬ ਵਿਚ ਜਿਸ ਤਰ੍ਹਾਂ ਅਮਨ ਕਾਨੂੰਨੀ ਦੀ ਸਥਿਤੀ ਹੈ, ਇਸ ਤੋਂ ਲੱਗਦਾ ਹੈ ਕਿ ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਸਿੱਧੇ ਤੌਰ ’ਤੇ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਵਿਭਾਗ, ਡੀ ਜੀ ਪੀ ਪੰਜਾਬ, ਇੰਡੀਅਨ ਨੈਸ਼ਨਲ ਕਾਂਗਰਸ ਨੂੰ ਟੈਗ ਕਰਦਿਆਂ ਕਿਹਾ ਹੈ,‘ਇਹ ਹੁਣ ਅਸਹਿ ਹੋ ਗਿਆ ਹੈ, ਹਾਲ ਹੀ ਵਿਚ ਗੋਲੀਬਾਰੀ ਦੀਆਂ ਖ਼ਬਰਾਂ ਨੇ ਪੰਜਾਬੀਆਂ ਦਾ ਜਿਊਣਾ ਦੁੱਭਰ ਕਰ ਦਿੱਤਾ।’ ਰਾਣਾ ਬਲਾਚੌਰੀਆ ਦੀ ਪਤਨੀ ਦੀ ਗੱਲ ਕਰਦਿਆਂ ਉਨ੍ਹਾਂ ਲਿਖਿਆ ਕਿ ਉਸ ਨਵ-ਵਿਆਹੀ ਦਾ ਕੀ ਕਸੂਰ ਹੈ, ਜਿਸ ਦੇ ਪਤੀ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਹੈ, ‘ਆਓ ਪੰਜਾਬ ਨੂੰ 7 ਦਿਨਾਂ ਲਈ ਪੂਰੀ ਤਰ੍ਹਾਂ ਸੀਲ ਕਰ ਦੇਈਏ ਅਤੇ ਤੁਹਾਡੀ ਪੂਰੀ ਪੁਲੀਸ ਫੋਰਸ ਨੂੰ ਲਗਾ ਕੇ ਪੰਜਾਬ ਦੇ ਹਰੇਕ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈਏ ਤਾਂ ਜੋ ਗੈ਼ਰ-ਕਾਨੂੰਨੀ ਹਥਿਆਰਾਂ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ।’ ਡਾ. ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਪਾਨ ਦੌਰੇ ਬਾਰੇ ਕਿਹਾ, ‘ਅੱਜ ਦਾ ਸਮਾਂ ਸਾਡਾ ਹਾਈ-ਟੈੱਕ ਦਾ ਹੈ ਪਰ ਅਸੀਂ ਪਹਿਲਾਂ ਪੰਜਾਬ ਨੂੰ ਸੁਰੱਖਿਅਤ ਬਣਾਈਏ, ਨਿਵੇਸ਼ ਬਾਅਦ ਵਿੱਚ ਆਪਣੇ ਆਪ ਆ ਜਾਵੇਗਾ।’
