ਇੱਥੇ ਟੀਚਰਜ਼ ਹੋਮ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਬਿਜਲੀ ਸੋਧ ਬਿੱਲ-2025 ਅਤੇ ਚਾਰ ਲੇਬਰ ਕੋਡਜ਼ ਖ਼ਿਲਾਫ਼ ਸੰਘਰਸ਼ ਦੀ ਵਿਉਂਤਬੰਦੀ ਕੀਤੀ ਗਈ। ਇਹ ਮੀਟਿੰਗ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਬਿਜਲੀ ਵਰਗੀ ਜ਼ਰੂਰੀ ਸਹੂਲਤ ਆਮ ਲੋਕਾਂ ਤੋਂ ਖੋਹਣ ’ਤੇ ਤੁਲੀ ਹੋਈ ਹੈ ਅਤੇ ਉਹ ਬਿਜਲੀ ਬਿੱਲ 2025 ਲਿਆ ਕੇ ਜਿੱਥੇ ਬਿਜਲੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ, ਉੱਥੇ ਬਿਜਲੀ ਦਾ ਸਮੁੱਚਾ ਢਾਂਚਾ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਖ਼ਦਸ਼ਾ ਜਿਤਾਇਆ ਕਿ ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਨਾ ਸਿਰਫ਼ ਬਿਜਲੀ ਮਹਿੰਗੀ ਹੋਵੇਗੀ, ਬਲਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਬੁਲਾਰਿਆਂ ਨੇ ਸਰਕਾਰ ਵੱਲੋਂ ਬੀਜ ਬਿੱਲ ਲਿਆ ਕੇ ਖੇਤੀ ਮੰਡੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੇ ਵੀ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੀਜ ਕੰਪਨੀਆਂ ਖੇਤੀ ਖੋਜ ਅਤੇ ਵਪਾਰ ਉੱਪਰ ਕਾਬਜ਼ ਹੋ ਕੇ ਕਿਸਾਨੀ ਦੀ ਅੰਨ੍ਹੇਵਾਹ ਲੁੱਟ ਕਰਨਗੀਆਂ। ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਸਰਕਾਰੀ ਜ਼ਮੀਨਾਂ ਵੇਚਣ ਦੀ ਤਜਵੀਜ਼ ਵਾਪਸ ਲਵੇ ਅਤੇ ਕੇਂਦਰ ਸਰਕਾਰ ਚਾਰ ਲੇਬਰ ਕੋਡਜ਼ ਲਾਗੂ ਕਰਨ ਦੇ ਫ਼ੈਸਲੇ ਨੂੰ ਫੌਰੀ ਮਨਸੂਖ਼ ਕਰੇ। ਫੈਸਲਾ ਕੀਤਾ ਗਿਆ ਕਿ ਬਿਜਲੀ ਬਿੱਲ ਸੰਸਦ ਵਿੱਚ ਪੇਸ਼ ਹੋਣ ਤੋਂ ਅਗਲੇ ਦਿਨ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਚਾਰ ਟੌਲ ਪਲਾਜ਼ੇ ਬੱਲੂਆਣਾ, ਜੀਦਾ, ਲਹਿਰਾ ਬੇਗਾ ਅਤੇ ਸ਼ੇਖ਼ਪੁਰਾ 12 ਤੋਂ 3 ਵਜੇ ਤੱਕ ਰਾਹਗੀਰਾਂ ਲਈ ਮੁਫ਼ਤ ਕੀਤੇ ਜਾਣਗੇ। ਇਸੇ ਪ੍ਰਸੰਗ ’ਚ 30 ਅਤੇ 31 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਝੰਡਾ ਮਾਰਚ, ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ 16 ਜਨਵਰੀ ਨੂੰ ਐੱਸ ਈ ਦਫ਼ਤਰ ਬਠਿੰਡਾ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ। ਮੀਟਿੰਗ ਨੂੰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੂੰਬਾ, ਬਲਦੇਵ ਸਿੰਘ ਭਾਈ ਰੂਪਾ, ਰਾਜ ਮਹਿੰਦਰ ਕੋਟਭਾਰਾ, ਗੁਰਦੀਪ ਸਿੰਘ ਰਾਮਪੁਰਾ, ਹਰਵਿੰਦਰ ਕੋਟਲੀ, ਬਲਵਿੰਦਰ ਗੰਗਾ, ਜਗਜੀਤ ਕੋਟਸ਼ਮੀਰ, ਸੁਖਮੰਦਰ ਜਲਾਲ, ਸੁਖਮੰਦਰ ਧਾਲੀਵਾਲ, ਦਰਸ਼ਨ ਸਿੰਘ ਫੁੱਲੋ ਮਿੱਠੀ, ਬਖ਼ਸ਼ੀਸ਼ ਸਿੰਘ, ਜੋਰਾ ਸਿੰਘ ਨਸਰਾਲੀ, ਕਾਮਰੇਡ ਅਮੀ ਲਾਲ, ਮਿੱਠੂ ਸਿੰਘ ਘੁੱਦਾ, ਅਮਰੀਕ ਸਿੰਘ, ਜਸਪਾਲ ਬੰਗੀ, ਸਿਕੰਦਰ ਧਾਲੀਵਾਲ, ਬਿੰਦਰ ਸਿੰਘ, ਬਲਕਾਰ ਸਿੰਘ, ਰੇਸ਼ਮ ਕੁਮਾਰ, ਜਗਸੀਰ ਭੰਗੂ, ਲਖਵਿੰਦਰ ਸਿੰਘ, ਜਗਰੂਪ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਪੰਨੂ, ਮਲਕੀਤ ਸਿੰਘ, ਜਗਦੇਵ ਜੋਗੇਵਾਲਾ, ਜਸਵੀਰ ਸਿੰਘ ਅਤੇ ਕਰਮ ਸਿੰਘ ਆਦਿ ਨੇ ਸੰਬੋਧਨ ਕੀਤਾ।
