ਤਨਖ਼ਾਹੀਆਂ ਨੇ ਹਰਿਮੰਦਰ ਸਾਹਿਬ ’ਚ ਸੇਵਾ ਸ਼ੁਰੂ ਕੀਤੀ

ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਤਨਖਾਹ ਨੂੰ ਪੂਰਾ ਕਰਨ ਲਈ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਅੱਜ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਘਰ ਵਿੱਚ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ। ਅਕਾਲੀ ਆਗੂ ਵਲਟੋਹਾ ਨੇ ਗੁਰੂ ਘਰ ਵਿਖੇ ਇੱਕ ਘੰਟਾ ਸੰਗਤਾਂ ਦੇ ਜੋੜੇ ਝਾੜਨ ਅਤੇ ਇੱਕ ਘੰਟਾ ਲੰਗਰ ਘਰ ਵਿੱਚ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ। ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਸੀ, ਜਿਸ ਦੀ ਉਨ੍ਹਾਂ ਖਿਮਾ ਯਾਚਨਾ ਕੀਤੀ ਹੈ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਸਬੰਧ ਵਿੱਚ ਉਨ੍ਹਾਂ ਨੂੰ ਮਾਨਸਿਕ ਸ਼ੁੱਧੀ ਵਾਸਤੇ ਤਨਖਾਹ ਲਾਈ ਗਈ ਹੈ। ਉਹ ਨਿਮਰਤਾ ਸਹਿਤ ਸੇਵਾ ਨੂੰ ਪੂਰਾ ਕਰਨਗੇ। ਗੁਰੂ ਸਾਹਿਬ ਨੇ ਸਿੱਖੀ ਸਿਧਾਂਤ ਤਹਿਤ ਕਿਸੇ ਵੀ ਤਰ੍ਹਾਂ ਦੀ ਅਵੱਗਿਆ ਹੋਣ ’ਤੇ ਮਾਨਸਿਕ ਸ਼ੁੱਧੀ ਵਾਸਤੇ ਸੰਗਤ ਦੀ ਸੇਵਾ ਕਰਨ ਅਤੇ ਨਾਮ ਸਿਮਰਨ ਕਰਨ ਦਾ ਰਾਹ ਦੱਸਿਆ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਵੀ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਤਨਖਾਹ ਤਹਿਤ ਅੱਜ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਦੇ ਜੋੜੇ ਝਾੜਨ ਅਤੇ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ ਹੈ। ਨਿਰਵੈਰ ਖ਼ਾਲਸਾ ਜਥਾ ਯੂਕੇ ਨਾਲ ਸਬੰਧਤ ਭਾਈ ਹਰਿੰਦਰ ਸਿੰਘ ਨੇ ਗੁਰਮਤਿ ਪ੍ਰਤੀ ਕੀਤੀਆਂ ਆਪਣੀਆਂ ਗਲਤ ਬਿਆਨੀਆਂ ਲਈ ਖਿਮਾ ਯਾਚਨਾ ਕੀਤੀ ਸੀ। ਉਨ੍ਹਾਂ ਨੇ ਸਵੀਕਾਰਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਕੁਝ ਬਿਆਨ ਸਿੱਖ ਰਹਿਤ ਮਰਯਾਦਾ ਨਾਲ ਮੇਲ ਨਹੀਂ ਖਾਂਦੇ ਸਨ।

Scroll to Top