ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਖੁਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਚ ਆਪਣੀ ਰਿਹਾਇਸ਼ ਅਤੇ ਹੋਰ ਦਫ਼ਤਰਾਂ ’ਤੇ ਖ਼ਾਲਸਈ ਨਿਸ਼ਾਨ ਲਹਿਰਾਏ। ਜ਼ਿਕਰਯੋਗ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਦਿਨੀਂ ਸਿੱਖ ਸੰਗਤ ਨੂੰ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਆਪਣੇ ਘਰਾਂ ’ਤੇ ਸੁਰਮਈ ਅਤੇ ਨੀਲੇ ਖਾਲਸਾਈ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਸੀ। ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 350 ਸਾਲਾ ਸ਼ਤਾਬਦੀ ਸਿੱਖ ਕੌਮ ਲਈ ਇਕ ਇਤਿਹਾਸਕ ਪਲ ਹੈ ਜਿਸ ਨੂੰ ਸ਼ਰਧਾ ਅਤੇ ਏਕਤਾ ਨਾਲ ਮਨਾਉਣ ਲਈ ਹਰ ਸਿੱਖ ਨੂੰ ਆਪਣੇ ਘਰ ਅਤੇ ਵਪਾਰਕ ਅਦਾਰਿਆਂ ’ਤੇ ਖ਼ਾਲਸਈ ਨਿਸ਼ਾਨ ਲਹਿਰਾਉਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿੱਚ ਰਹਿੰਦੀ ਸਿੱਖ ਸੰਗਤ ਨੂੰ ਵੀ ਇਸ ਪਵਿੱਤਰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
