ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਜਾਰੀ ਕਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਕਿਹਾ ਹੈ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਸ ਨੂੰ ਜਾਰੀ ਨਾ ਕੀਤਾ ਜਾਵੇ। ਇਹ ਫਿਲਮ 21 ਨਵੰਬਰ ਨੂੰ ਰਲੀਜ ਕੀਤੀ ਜਾਣੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਬਵੇਜਾ ਮੂਵੀ ਪ੍ਰਾਈਵੇਟ ਲਿਮਿ: ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ’ਤੇ ਬਣਾਈ ਗਈ ਇਸ ਫਿਲਮ ਵਿਚ ਸਿੱਖ ਸਿਧਾਂਤ, ਇਤਿਹਾਸ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਸਾਰੀਆਂ ਕਮੀਆਂ ਹਨ, ਜਿਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਪੱਤਰ ਭੇਜ ਕੇ 21 ਨਵੰਬਰ ਨੂੰ ਇਸ ਫਿਲਮ ਨੂੰ ਰੀਲੀਜ਼ ਨਾ ਕਰਨ ਦਾ ਆਦੇਸ਼ ਕੀਤਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਰੌਸ਼ਨੀ ਵਿਚ ਫਿਲਮ ਚਲਾਉਣ ਦਾ ਫੈਸਲਾ ਵਾਪਿਸ ਲਿਆ ਜਾਵੇ। ਫਿਲਮ ਘੋਖ ਕਮੇਟੀ ਵੱਲੋਂ ਇਸ ਫਿਲਮ ਨੂੰ ਵੇਖਣ ਬਾਅਦ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਸੀ, ਜਿਸ ’ਤੇ ਸਕੱਤਰੇਤ ਨੇ ਰੋਕ ਸਬੰਧੀ ਪੱਤਰ ਭੇਜਿਆ ਹੈ। ਮੰਨਣ ਨੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਕਿਸੇ ਵੀ ਤਰ੍ਹਾਂ ਕਲਪਨਾ ਜਾਂ ਐਨੀਮੇਸ਼ਨ ਰਾਹੀਂ ਦਰਸਾਉਣ ਦੀ ਮਨਾਹੀ ਹੈ ਅਤੇ ਅਜਿਹਾ ਕਰਨਾ ਸਿੱਖ ਸਿਧਾਂਤਾਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਰੀ ਹੁਕਮਨਾਨਿਆਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਕਿਰਦਾਰ ਨਿਭਾਉਣ ’ਤੇ ਰੋਕ ਹੈ, ਤਾਂ ਫਿਰ ਅਜਿਹੀਆਂ ਫਿਲਮਾਂ ਬਣਾਉਣ ਤੋਂ ਪਹਿਲਾਂ ਹੀ ਸੰਕੋਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਵਿਵਾਦ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ ਤਾਂ ਉਸ ਵੇਲੇ ਸਿੱਖ ਸਿਧਾਂਤਾਂ ਤੋਂ ਪਾਸੇ ਜਾ ਕੇ ਗੁਰੂ ਸਾਹਿਬ ਨਾਲ ਸਬੰਧਤ ਐਨੀਮੇਸ਼ਨ ਫਿਲਮ ਨੂੰ ਜਾਰੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
3 thoughts on “ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਰੀਲੀਜ਼ ਨਾ ਕੀਤੀ ਜਾਵੇ: SGPC”
Comments are closed.

Pingback: Website Design Companies in Tucson
Pingback: Tonneau Covers Glendale AZ
Pingback: Food Catering in Tempe